ਸਿੱਖ ਆਗੂਆਂ ਦੀ ਹਉਮੈ ਦਾ ਖਮਿਆਜ਼ਾ ਇਟਲੀ ਦੀਆਂ ਸਿੱਖ ਸੰਗਤਾਂ ਭੁਗਤਣ ਲਈ ਮਜ਼ਬੂਰ

ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ

 

sikhsਇਟਲੀ ਵਿੱਚ ਹਰ ਸਿੱਖ ਨੂੰ ਇਹ ਉਡੀਕ ਹੈ ਕਿ ਉਹਨਾਂ ਦਾ ਮਹਾਨ ਸਿੱਖ ਧਰਮ ਇਟਲੀ ਵਿੱਚ ਕਦੋਂ ਰਜਿਸਟਰਡ ਹੋਵੇਗਾ ਕਦੋਂ ਉਹ ਵੀ ਗੁਰੂ ਸਾਹਿਬ ਦੇ ਬਖ਼ਸੇ ਪੰਜ ਕਕਾਰਾਂ ਨੂੰ ਬਿਨ੍ਹਾਂ ਕਿਸੇ ਡਰ ਅਤੇ ਬ੍ਹਿਨਾਂ ਕਿਸੇ ਕਾਨੂੰਨ ਦੀ ਉਲੰਘਣਾ ਕੀਤੇ ਇਟਲੀ ਵਿੱਚ ਉਹ ਪਾਕੇ ਆਜ਼ਾਦੀ ਨਾਲ ਘੁੰਮ ਸਕਣਗੇ ਪਰ ਇਟਲੀ ਦੇ ਸਿੱਖਾਂ ਦੀ ਇਸ ਉਡੀਕ ਨੂੰ ਹਾਲੇ ਕਿਸੇ ਪਾਸੇ ਵੀ ਬੂਰ ਪੈਂਦਾ ਦਿਖਾਈ ਨਹੀਂ ਦਿੰਦਾ ਕਿਉਂਕਿ ਇਟਲੀ ਵਿੱਚ ਬੇਸ਼ੱਕ ਕਈ ਨਾਮੀ ਸਿੱਖ ਜੱਥੇਬੰਦੀਆਂ ਦੇ ਆਗੂ ਆਪੋ-ਆਪਣੇ ਢੰਗ ਨਾਲ ਇਟਲੀ ਵਿੱਚ ਸਿੱਖ ਧਰਮ ਰਜਿਸਟਰਡ ਕਰਵਾਉਣ ਦੇ ਦਾਵੇ ਕਰਦੇ ਅਖ਼ਬਾਰਾ ਜਾਂ ਚੈਨਲਾਂ ਉਪੱਰ ਆਮ ਦੇਖੇ ਜਾਂਦੇ ਹਨ ਪਰ ਜਦੋਂ ਗੱਲ ਅਮਲ ਦੀ ਆਉਂਦੀ ਹੈ ਤਾਂ ਮੁੰਗੇਰੀ ਲਾਲ ਦੇ ਸੁਪਨਿਆਂ ਵਾਲਾ ਹੀ ਹਾਲ ਹੁੰਦਾ ਹੈ।ਇਟਲੀ ਦੀਆਂ ਸਿੱਖ ਸੰਗਤਾਂ ਆਪਣੇ ਸਿੱਖ ਆਗੂਆਂ ਦੀ ਧਰਮ ਨੂੰ ਰਜਿਸਟਰਡ ਕਰਵਾਉਣ ਸੰਬਧੀ ਕੱਛੂਕੁੰਮੇ ਵਾਲੀ ਚਾਲ ਨੂੰ ਅਤੇ ਸਿੱਖ ਧਰਮ ਪ੍ਰਤੀ ਅਵੇਸਲੇਪਣ ਵਾਲੀਆਂ ਗਤੀਵਿਧੀਆਂ ਨੂੰ ਦੇਖ ਹੈਰਾਨ ਤੇ ਪ੍ਰੇਸ਼ਾਨ ਹੀ ਨਹੀਂ ਸਗੋਂ ਇਟਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਪੰਜ ਕਕਾਰਾਂ ਨੂੰ ਲੈਕੇ ਪ੍ਰਸ਼ਾਸ਼ਨ ਵਲੋਂ ਕੀਤੀ ਜਾਂਦੀ ਖੱਜਲ ਖੁਆਰੀ ਵਾਲਾ ਖਮਿਆਜ਼ਾ  ਵੀ ਭੁਗਣਤ ਲਈ ਮਜ਼ਬੂਰ ਅਤੇ ਲਾਚਾਰ ਹਨ ਜਿਸ ਦੀਆਂ ਅਣਗਿਣਤ ਉਦਾਹਰਣਾ ਹਨ।
ਇਟਲੀ ਵਿੱਚ ਰੈਣ-ਬਸੇਰਾ ਕਰਦੀਆਂ ਸਿੱਖ ਸੰਗਤਾਂ ਇਸ ਸਮੇਂ ਦੋਚਿੱਤੀ ਵਿੱਚ ਹਨ ਕਿ ਆਖ਼ਿਰ ਕਿਉਂ ਇਟਲੀ ਦੇ ਸਿੱਖ ਆਗੂ ਆਪਣੀ ਹਉਮੈ ਨੂੰ ਤਿਆਗਣ ਦੀ ਬਜਾਏ ਧਰਮ ਦਾ ਨੁਕਸਾਨ ਕਰ ਰਹੇ ਹਨ।ਇਸ ਸੰਬਧੀ ਸੰਗਤਾਂ ਨੇ ਆਪਣੇ ਵਿਚਾਰ ਮੀਡੀਏ ਨਾਲ ਸਾਂਝੈ ਕਰਦਿਆਂ ਕਿਹਾ ਕਿ ਕਦੀਂ ਸਮਾਂ ਸੀ ਕਿ ਇਟਲੀ ਦੀਆਂ ਸਰਕਾਰਾਂ ਨੂੰ ਸਿੱਖ ਧਰਮ ਕੀ ਹੈ ਅਤੇ ਸਿੱਖ ਕੀ ਹੈ ਸੰਬਧੀ ਸਮਝਾਉਣ ਲਈ ਅਨੇਕਾਂ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਸੀ ਪਰ ਹੁਣ ਜਦੋਂ ਕਿ ਪੂਰੇ ਇਟਲੀ ਵਾਸੀ ਤੇ ਹੋਰ ਸਭ ਧਰਮਾਂ ਦੇ ਲੋਕ ਜਾਣਦੇ ਹਨ ਕਿ ਮਹਾਨ ਸਿੱਖ ਧਰਮ ਕੀ ਹੈ ਅਤੇ ਸਿੱਖਾਂ ਦਾ ਕਿਰਦਾਰ ਕਿਹੋ ਜਿਹਾ ਹੁੰਦਾ ਹੈ ਤਾਂ ਧਰਮ ਦੇ ਬਣੇ ਆਗੂ ਹੀ ਸਭ ਤੋਂ ਵੱਡਾ ਰੋੜਾ ਜਾਪਣ ਲੱਗੇ ਹਨ ।ਇਟਲੀ ਅੰਦਰ ਸਿੱਖਾਂ ਵੱਲੋਂ ਕੀਤੀਆਂ ਜਾ ਰਹੀਆਂ ਅਨੇਕਾਂ ਸਲਾਘਾਂਯੋਗ ਕਾਰਵਾਈਆਂ ਦੀ ਬਦੌਲਤ ਹੀ ਇਟਲੀ ਸਰਕਾਰ ਨੇ ਬੀਤੇ ਸਮੇਂ ਵਿੱਚ ਸਿੱਖ ਧਰਮ ਸੰਬਧੀ ਇਹ ਗੱਲ ਤੋਰੀ ਸੀ ਕਿ ਹੋਰ ਧਰਮਾਂ ਵਾਂਗ ਇਟਲੀ ਦੇ ਸਿੱਖ ਵੀ ਆਪਣਾ ਧਰਮ ਇਟਲੀ ਵਿੱਚ ਰਜਿਸਟਰਡ ਕਰਵਾ ਸਕਦੇ ਹਨ ਪਰ ਇਸ ਕਾਰਵਾਈ ਲਈ ਸਾਰੇ ਸਿੱਖ ਆਗੂ ਇੱਕ ਝੰਡੇ ਹੇਠ ਇਕੱਠੇ ਹੋਕੇ ਆਉਣ ਨਾਂਕਿ ਆਪਣੀ-ਆਪਣੀ ਝੰਡੀ ਚੁੱਕੀ ਫਿਰਨ ਤੇ ਕਹਿਣ ਕਿ ਸਾਡੀ ਸੰਸਥਾ ਵੱਲੋਂ ਸਿੱਖ ਧਰਮ ਨੂੰ ਰਜਿਸਟਰਡ ਕਰ ਦਿਓ ਜੀ।ਇਹ ਕਾਰਜ ਪੂਰੀ ਸਿੱਖ ਕਮਿਊਨਿਟੀ ਹੈ ਜਿਸ ਲਈ ਸਭ ਦੀ ਏਕਤਾ ਜ਼ਰੂਰੀ ਹੈ ਪਰ ਅਫ਼ਸੋਸ ਦੇ ਨਾਲ-ਨਾਲ ਦੁੱਖ ਵਾਲੀ ਵੀ ਗੱਲ ਹੈ ਕਿ ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਹੁਣ ਤੱਕ ਇਟਲੀ ਦੇ ਸਿੱਖ ਆਗੂ ਆਪਣੀ ਹਉਮੈ ਨੂੰ ਤਿਆਗਣ ਲਈ ਰਜਾਮੰਦ  ਨਹੀਂ ਹੋ ਸਕੇ ਜਿਸ ਕਾਰਨ ਇਟਲੀ ਦੇ ਸਿੱਖਾਂ ਨੂੰ ਇਟਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਜਲੀਲ ਕਰਨ ਵਾਲੀਆਂ ਘਟਨਾਵਾਂ ਵਿੱਚ ਨਿਰੰਤਰ ਇਜਾਫ਼ਾ ਹੋ ਰਿਹਾ ਹੈ ਜਿਸ ਦੀ ਸ਼ਾਇਦ ਕਿਸੇ ਵੀ ਇਟਲੀ ਦੇ ਸਿੱਖ ਆਗੂ ਨੂੰ ਕੋਈ ਚਿੰਤਾ ਜਾਪਦੀ ਨਹੀਂ ਲੱਗਦੀ।ਹੋਰ ਤਾਂ ਹੋਰ ਕੁਝ ਸਿੱਖ ਆਗੂਆਂ ਦੀ ਧਰਮ ਪੱਖੀ ਨਿਰਾਤਮਕ   ਸੋਚ ਹੋਣ  ਕਾਰਨ ਪੰਜਾਬੀ ਕਮਿਊਨਿਟੀ ਅਪਰਾਧਕ ਬਿਰਤੀ ਵਾਲੀ ਬਣਦੀ ਜਾ ਰਹੀ ਹੈ ਕਿਉਂ ਕਿ ਇਹਨਾਂ ਆਗੂਆਂ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਬਣੇ ਇੰਡੀਅਨ ਕਰਿਆਨਾ ਸਟੋਰ ਜਿੱਥੋ ਕਿ ਸ਼ਰਾਬ ਤੇ ਹੋਰ ਨਸ਼ੀਲੇ ਪਦਾਰਥ ਆਮ ਮਿਲ ਜਾਂਦੇ ਹਨ  ਪੰਜਾਬੀ ਨੌਜਵਾਨਾਂ ਨੂੰ ਕੁਰਾਹੇ ਪਾਉਣ ਵਿੱਚ ਅਹਿਮ ਰੋਲ ਨਿਭਾਅ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਸਮੇਂ ਇਟਲੀ ਵਿੱਚ 60-65 ਤੋਂ ਵੱਧ ਗੁਰਦੁਆਰਾ ਸਾਹਿਬ ਅਤੇ ਕਈ ਧਾਰਮਿਕ ਤੇ ਸਿਆਸੀ ਸੰਸਥਾਵਾਂ ਦੇ ਸਿਰਕੱਢ ਆਗੂ ਹਨ ਜਿਹੜੇ ਕਿ ਇਹਨਾਂ ਨੌਜਵਾਨਾਂ ਨੂੰ ਜੁਰਮ ਦੀ ਦੁਨੀਆਂ ਵਿੱਚ ਜਾਣ ਤੋਂ ਜਾਗਰੂਕ ਕਰ ਸਕਦੇ ਹਨ ਪਰ ਅਫ਼ਸੋਸ ਹੁਣ ਤੱਕ ਕੋਈ ਵੀ ਸਿਆਸੀ ਅਤੇ ਧਾਰਮਿਕ ਆਗੂ ਖੁੱਲ ਕੇ ਇਸ ਮੁਸ਼ਕਿਲ ਨੂੰ ਹੱਲ ਕਰਨ ਅੱਗੇ ਆਉਣਾ ਤਾਂ ਦੂਰ ਦੀ ਗੱਲ ਕੋਈ ਮੀਡੀਏ ਵਿੱਚ ਵੀ ਬੋਲਣ ਦੀ ਹਿਮੰਤ ਨਹੀਂ ਜੁਟਾਅ ਪਾਉਂਦਾ।ਸ਼ਾਇਦ ਇਹ ਇਹ ਆਗੂ ਸਮਾਜ ਵਿੱਚ ਆਪਣਾ ਰੁਤਬਾ ਹੀ ਗੁਆ ਚੁੱਕੇ ਹਨ ਜਾਂ ਫਿਰ ਇੰਝ ਕਹਿ ਲਿਆ ਜਾਵੇ ਕਿ ਲੋਕ ਇਹਨਾਂ ਉਪੱਰ ਰੱਤੀ ਵੀ ਯਕੀਨ ਕਰਨ ਨੂੰ ਤਿਆਰ ਨਹੀਂ।ਇਹਨਾਂ ਆਗੂਆਂ ਨੇ ਲੋਕਾਂ ਦਾ ਵਿਸ਼ਵਾਸ ਖੋਹਣ ਦੇ ਬਾਵਜੂਦ ਵੀ ਆਪਣੀਆਂ ਅਹੁੱਦੇਦਾਰੀਆਂ ਨੂੰ ਇੰਨੀ ਜ਼ੋਰ ਨਾਲ ਲਪੇਟਾਂ ਪਾ ਰੱਖਿਆ ਹੈ ਕਿ ਚਾਹੇ ਲੋਕ ਇਹਨਾਂ ਦੀਆਂ ਪੱਗਾਂ ਨੂੰ ਹੱਥ ਪਾ ਲੈਣ ਪਰ ਇਹ ਭੱਦਰਪੁਰਸ਼ ਪ੍ਰਧਾਨਗੀ ਨਹੀਂ  ਛੱਡਦੇ। ਕੁਝ ਧਾਰਮਿਕ ਆਗੂ ਤਾਂ ਆਪ ਸ਼ਰੇਆਮ ਹੀ ਆਪਣੀ ਚੌਧਰ ਨੂੰ ਬਰਕਰਾਰ ਰੱਖਣ ਲਈ ਨਸ਼ੀਏ ਨੌਜਵਾਨਾਂ ਦੇ ਗਿਰੋਹ ਬਣਾਕੇ ਰੱਖ ਰਹੇ ਹਨ ਤਾਂ ਜੋ ਮੌਕਾ ਪੈਣ ਤੇ ਇਹ ਨੌਜਵਾਨਾਂ ਸੰਗਤਾਂ ਵਿੱਚ ਰੂਹਪੋਸ ਹੋਕੇ ਉਹਨਾਂ ਦੀ ਕੁਰਸੀ ਨੂੰ ਬਚਾ ਸਕਣ।
ਇਟਲੀ ਦੇ ਜਿਹੜੇ ਪੰਜਾਬੀ ਨੌਜਵਾਨ ਗਲਤ ਰਾਸਤੇ ਉਪੱਰ ਚੱਲ ਪਏ ਨੇ ਉਹਨਾਂ ਨੂੰ ਮਜ਼ਬੂਰ ਜਾਂ ਭੱਟਕਿਆ ਮੰਨਿਆਂ ਜਾ ਸਕਦਾ ਹੈ ਪਰ ਉਹ ਸਮਾਜ ਦੇ ਆਗੂ ਜਿਹੜੇ ਕਿ ਆਪਣੇ ਆਪ ਨੂੰ ਧਾਰਮਿਕ ਅਤੇ ਰਾਜਨੀਤਿਕ ਪੱਖੋ ਸਿਰਮੌਰ ਮੰਨਦੇ ਹਨ ਅਤੇ ਹਵਾ ਦਾ ਰੁੱਖ ਬਦਲਣ ਦੇ ਦਾਅਵੇ ਕਰਦੇ ਹਨ ਕੀ ਉਹਨਾਂ ਆਗੂਆਂ ਦੀ ਕੋਈ ਸਮਾਜਿਕ ਤੌਰ ਤੇ ਨੈਤਿਕ ਜਿੰਮੇਵਾਰੀ ਸਮਾਜ ਪ੍ਰਤੀ ਨਹੀਂ ਬਣਦੀ ਕਿ ਉਹ ਅਪਰਾਧ ਵੱਲ ਧੱਸ ਰਹੀ ਨੌਜਵਾਨ ਪੀੜ੍ਹੀ ਦਾ ਸਹੀ ਮਾਰਗ ਦਰਸ਼ਨ ਕਰਨ ਜਿਸ ਨਾਲ ਕਿ ਸਾਡੇ ਸਮਾਜ ਦਾ ਅੱਜ ਹੀ ਨਹੀ ਸਗੋਂ ਕਲ੍ਹ ਵੀ ਸੁਰੱਖਿਅਤ ਅਤੇ ਉਜੱਵਲ ਹੋਵੇ, ਪਰ ਅਫ਼ਸੋਸ ਪੰਜਾਬ ਵਾਂਗ ਇਟਲੀ ਵਿੱਚ ਆਗੂਆਂ ਦਾ ਹਾਲ “ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ” ਵਾਲਾ ਹੀ ਲੱਗਦਾ ਹੈ । ਜਿਹਨਾਂ ਨੂੰ ਕਿ ਮਹਾਨ ਸਿੱਖ ਧਰਮ ਜਾਂ ਪੰਜਾਬੀਆਂ ਦੀਆਂ ਕਾਰਗੁਜ਼ਾਰੀਆਂ ਨਾਲ ਕੋਈ ਵਾਹ-ਵਾਸਤਾ ਨਹੀਂ ਵਾਸਤਾ ਹੈ ਤਾਂ ਸਿਰਫ਼ ਆਪਣੀ ਸਿਆਸੀ ਸ਼ੌਹਰਤ ਨਾਲ।
– ਦਲਵੀਰ ਕੈਂਥ