ਸੂਬੇ ਦੀ ਖੁਸ਼ਹਾਲੀ ਅਵਾਮ ਦੀ ਸੋਚ ਅਤੇ ਕਾਰਜਸ਼ੀਲਤਾ ‘ਤੇ ਨਿਰਭਰ

punjabਕਿਸੇ ਵੀ ਸੂਬੇ ਦੀ ਖੁਸ਼ਹਾਲੀ ਦਾ ਸਬੰਧ ਸੂਬੇ ਦੀ ਅਵਾਮ ਦੀ ਸੋਚ ਅਤੇ ਕਾਰਜਸ਼ੀਲਤਾ ‘ਤੇ ਨਿਰਭਰ ਕਰਦਾ ਹੈ। ਸੂਬੇ ਦੀਆਂ ਕਾਰਗੁਜਾਰੀਆਂ ਦੇ ਪ੍ਰਚਾਰ ਅਤੇ ਪਾਸਾਰ ਲਈ ਅਣਥੱਕ ਮਿਹਨਤ ਕਰਨ ਤੋਂ ਇਲਾਵਾ ਸੂਬੇ ਵਿਚ ਕਾਰਜਸ਼ੀਲ ਸਮਾਜਸੇਵੀ ਸੰਸਥਾਵਾਂ ਲੋਕ ਭਲਾਈ ਦੇ ਕਾਰਜਾਂ ਨਾਲ ਲੋਕਾਂ ਦੇ ਦਿਲਾਂ ਵਿਚ ਇਕ ਖਾਸ ਜਗ੍ਹਾ ਬਣਾ ਲੈਂਦੀਆਂ ਹਨ। ਅਜਿਹੀਆਂ ਸੰਸਥਾਵਾਂ ਵਿਚੋਂ ਪੰਜਾਬ ਵਿਚ ਕਾਰਜਸ਼ੀਲ ਇਕ ਸੰਸਥਾ ਸ਼ਹੀਦ ਭਗਤ ਸਿੰਘ ਯੂਥ ਫਰੰਟ ਹੈ। ਸੰਸਥਾ ਦੇ ਚੇਅਰਮੈਨ ਗੁਰਮੀਤ ਸਿੰਘ ਬਬਲੂ ਨੇ ਪੰਜਾਬ ਪ੍ਰਤੀ ਅੱਜ ਦੇ ਹਾਲਾਤ ‘ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ, ਪੰਜਾਬ ਅਰਸਾ ਪਹਿਲਾਂ ਜੋ ਕਾਲੇ ਦਿਨ ਦੇਖ ਚੁੱਕਿਆ ਹੈ, ਉਸ ਕਾਲਖ ਨੂੰ ਕਿਸੇ ਵੀ ਕੀਮਤ ‘ਤੇ ਮੁੜ ਪੰਜਾਬ ਵਿਚ ਪਸਰਨ ਨਹੀਂ ਦਿੱਤਾ ਜਾਵੇਗਾ ਅਤੇ ਬੀਤੇ ਪੰਜਾਬ ਵਾਲੇ ਹਾਲਾਤ ਮੁੜ ਪੈਦਾ ਹੋਣ ਦੀ ਕੋਈ ਸੰਭਾਵਨਾ ਵੀ ਨਹੀਂ ਹੈ। ਪੰਜਾਬ ਦੇ ਹਾਲਾਤਾਂ ਨੂੰ ਆਪਸ ਵਿਚ ਵੰਡ ਕੇ ਪੰਜਾਬ ‘ਤੇ ਰਾਜ ਕਰਨ ਦੀਆਂ ਕੋਝੀਆਂ ਚਾਲਾਂ ਜੋ ਬੀਤੇ ਦਿਨਾਂ ਵਿਚ ਚੱਲੀਆਂ ਗਈਆਂ, ਉਹ ਨਵੀਂ ਪੀੜ੍ਹੀ ਬਿਲਕੁਲ ਵੀ ਨਹੀਂ ਚਾਹੁੰਦੀ। ਅੱਜ ਦਾ ਨੌਜਵਾਨ ਆਧੁਨਿਕ ਯੁੱਗ ਵਿਚ ਦਾਖਲ ਹੋ ਚੁੱਕਿਆ ਹੈ। ਜਿੱਥੇ ਨੌਜਵਾਨ ਆਪਣਾ ਪਿਛੋਕੜ ਅਤੇ ਸੰਸਕ੍ਰਿਤੀ ਨੂੰ ਨਾਲ ਲੈ ਅਗਾਂਹਵਧੂ ਸੋਚ ਰੱਖਦੇ ਹਨ, ਉੱਥੇ ਉਹ ਬੀਤੇ ਕਾਲੇ ਦਿਨਾਂ ਨੂੰ ਨਾ ਯਾਦ ਕਰਨਾ ਚਾਹੁੰਦੇ ਹਨ ਅਤੇ ਨਾ ਹੀ ਪੰਜਾਬ ਵਿਚ ਮੁੜ ਦਹਿਸ਼ਤਗਰਦੀ ਦੇ ਮਾਹੌਲ ਨੂੰ ਪੈਰ ਪਸਾਰਨ ਦੇਣਗੇ। ਪੰਜਾਬ ਨੂੰ ਹਰ ਕੋਈ ਖੁਸ਼ਹਾਲ ਦੇਖਣਾ ਚਾਹੁੰਦਾ ਹੈ। ਵਿਦੇਸ਼ਾਂ ਵਿਚ ਬੈਠੇ ਕੁਝ ਧੜੇ ਪੰਜਾਬ ਵਿਚ ਫਿਰਕਾਪ੍ਰਸਤੀ ਦਾ ਮਾਹੌਲ ਮੁੜ ਬਹਾਲ ਕਰਨਾ ਚਾਹੁੰਦੇ ਹਨ, ਪਰ ਜਦੋਂ ਨੌਜਵਾਨ ਵਰਗ ਨਾ ਲੌਂੜੀਂਦੀ ਮੂਵਮੈਂਟ ਨੂੰ ਨਾਕਾਰ ਚੁੱਕੇ ਹੋਣ ਤਾਂ ਅਜਿਹੀਆਂ ਕੋਸ਼ਿਸ਼ਾਂ ਕਰਨੀਆਂ ਵੀ ਮੂਰਖਤਾ ਪੂਰਨ ਕਦਮ ਹੋਵੇਗਾ। ਫਿਰਕਾਪ੍ਰਸਤ ਲੋਕਾਂ ਵੱਲੋਂ ਵੱਖਵਾਦ ਦਾ ਮਾਹੌਲ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਿ ਪੰਜਾਬ ਦੀ ਅਵਾਮ ਵੱਲੋਂ ਪੂਰੀ ਤਰ੍ਹਾਂ ਨਕਾਰਿਆ ਜਾ ਚੁੱਕਾ ਹੈ। ਭਾਰਤ ਵਿਸ਼ਵ ਦੀ ਸਭ ਤੋਂ ਵੱਡੀ ਜਨ ਸ਼ਕਤੀ ਹੈ ਅਤੇ ਪੰਜਾਬ ਭਾਰਤ ਦਾ ਮੁੱਖ ਸੂਬਾ ਹੈ, ਜਿੱਥੇ ਲੋਕਾਂ ਨੂੰ ਆਪਣਾ ਹਰ ਪੱਖ ਰੱਖਣ ਦਾ ਪੂਰਨ ਅਧਿਕਾਰ ਹੈ। ਭਾਰਤ ਦੀ ਇਸੇ ਜਨ ਸ਼ਕਤੀ ਦੀ ਅਜਾਦੀ ਦਾ ਲਾਭ ਉਠਾ ਫਿਰਕਾਪ੍ਰਸਤੀ ਸੋਚ ਦਾ ਪ੍ਰਸਾਰ ਕਰਨ ਦੀ ਕੋਸ਼ਿਸ਼ ਕੁਝ ਲੋਕਾਂ ਵੱਲੋਂ ਕੀਤੀ ਜਾਂਦੀ ਹੈ, ਪਰ ਇੱਥੇ ਇਹ ਸਮਝਣਾ ਵੀ ਜਰੂਰੀ ਹੈ ਕਿ ਜਦੋਂ ਜਨ ਸ਼ਕਤੀ ਹੀ ਕਿਸੇ ਸੋਚ ਨੂੰ ਨਕਾਰ ਦੇਵੇ, ਤਾਂ ਉਸ ਸੋਚ ਨਾਲ ਜੁੜੇ ਵੱਡੇ ਤੋਂ ਵੱਡੇ ਅੰਦੋਲਨ ਨਿਸਤੋ ਨਾਬੂਤ ਹੋ ਜਾਂਦੇ ਹਨ।