ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਯਾਦ ਵਿਚ ਮਨਾਈ ਜਾਂਦੀ ਬਰਸੀ ਅਤੇ ਉਨ੍ਹਾਂ ਦੇ ਕੀਤੇ ਗਏ ਕਾਰਜਾਂ ਬਾਰੇ

ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਬਰਸੀ ਹਰ ਸਾਲ ਕਿਉਂ ਮਨਾਈ ਜਾਂਦੀ ਹੈ? ਤਾਂ ਕਿ ਉਨ੍ਹਾਂ ਦੇ ਕੀਤੇ ਗਏ ਕੰਮਾਂ ਨੂੰ ਹੋਰ ਅਗੇ ਵਧਾਇਆਂ ਜਾ ਸਕੇ
santਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ  ਜਨਮ ੧੮੮੨ ਨੂੰ ਖੋੜੀ ਦੂਨਾ ਸਿੰਘ ਟਾਂਡਾ (ਜਿਲਾ ਗੁਜਰਾਤ) ਹੁਣ ਪਾਕਿਸਤਾਨ, ਵਿਖੇ ਹੋਇਆ, ਉਨ੍ਹਾਂ ਦੇ ਪਿਤਾ ਦਾ ਨਾਮ ਸ਼ ਵਿਸਾਵਾ ਸਿੰਘ ਤੇ ਮਾਤਾ ਦਾ ਨਾਮ  ਨਿਹਾਲ ਕੌਰ ਸੀ, ਆਪ ਅਜੇ ਛੋਟੇ ਹੀ ਸਨ ਕਿ ਮਾਤਾ ਜੀ ਦਿਹਾਂਤ ਹੋ ਗਿਆ, ਤੇ ਫਿਰ ਆਪ ਜੀ ਦੀ ਪਾਲਣਾ ਆਪ ਜੀ ਦੇ ਦਾਦਾ  ਸ਼ ਅਰੂੜ ਸਿੰਘ ਜੀ  ਨੇ ਕੀਤੀ,ਆਪ ਜੀ ਬਚਪਨ ਤੋਂ ਹੀ ਭਗਤੀ ਭਾਵਨਾ ਵਾਲੇ ਸਨ, ਫਿਰ ਆਪ ਜੀ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਕੋਲ ਆ ਗਿਆ ਜਿਥੇ ਉਨ੍ਹਾਂ ਨੇ ਕੀਰਤਨ ਅਤੇ ਗੁਰਬਾਣੀ ਦਾ ਅਧਿਐਨ ਕੀਤਾ, ਬਾਦ ਵਿਚ ਬਾਬਾ ਬਿਸ਼ਨ ਸਿੰਘ ਜੀ ਨੇ ਆਪ ਜੀ ਦੀ ਸੇਵਾ ਨੂੰ ਦੇਖਦੇ ਹੋਏ  ੧੯੦੮ ਈæ  ਵਿਚ ਡੇਰਾ ਮੁਰਾਲੇ ਦਾ ਮੁਖੀ ਬਣਾਇਆ ਜਿਸ ਤੋਂ ਬਾਦ ਆਪ ਜੀ ਨੇ ਅਨੇਕਾਂ ਲੋਕ ਭਲਾਈ ਦੇ ਕਾਰਜ ਕੀਤੇ ਜਿਨ੍ਹਾਂ ਕਰਕੇ ਅੱਜ ਵੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾਂ ਹੈ,ਉਨ੍ਹਾਂ ਦੁਆਰਾ ਕੀਤੇ ਗਏ ਕਾਰਜ:-
੧æ ਆਪਣੇ ਆਸ ਪਾਸ ਦੇ ਇਲਾਕੇ ਦੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਨ ਲਈ ਪ੍ਰੁਰਿਆ ਅਤੇ ਪਿੰਡ ਪਿੰਡ ਵਿਚ ਜਾ ਕੇ ਅੰਮ੍ਰਿਤ ਸੰਚਾਰ ਕਰਵਾ ਕੇ ਹਜਾਰਾਂ ਲੋਕਾਂ ਨੂੰ ਪੂਰਨ ਸਿੱਖ ਬਣਾਇਆ।
੨æ ਹਰ ਪ੍ਰਕਾਰ ਦੇ ਨਸ਼ਿਆਂ ਦਾ ਤਿਆਗ  ਜੋ ਉਸ ਵੇਲੇ ਬਹੁਤ ਜਿਆਦਾ ਲੋਕ ਸੇਵਨ ਕਰਦੇ ਸਨ, ਦੇਸੀ ਸ਼ਰਾਬ, ਹੁੱਕਾ ਬੀੜੀ ਸਿਗਰਟ ਆਦਿ ਤੋਂ ਹਟਾ ਕੇ ਉਨ੍ਹਾਂ ਨੂੰ ਗੁਰੂ ਨਾਲ ਜੋੜਿਆ।
੩æ ਲੁਬਾਣਾ ਬਰਾਦਰੀ ਜੋ ਕਿ ਉਨ੍ਹਾਂ ਦੇ ਸਮੇਂ ਵਿਚ ਜਿਆਦਾ ਅਨਪੜ੍ਹ ਸੀ ਬਾਬਾ ਜੀ ਨੇ ਉਨ੍ਹਾਂ ਨੂੰ ਪੜ੍ਹਾਉਣ ਲਈ ਵੱਖ ਵੱਖ ਜਗ੍ਹਾਂ ੪ ਸਕੂਲ ਖੋਲੇ ਤਾਂ ਜੋ ਇਹ ਲੋਕ  ਪੜ੍ਹ-ਲ਼ਿਖ ਕੇ ਆਉਣ ਵਾਲੇ ਸਮੇਂ ਵਿਚ ਸਮਾਜ ਦੇ ਵਿਚ ਉਚ ਸਥਾਨ ਪ੍ਰਾਪਤ ਕਰ ਸਕਣ।
੪æ ਵਿਆਹ-ਸ਼ਾਦੀਆਂ ਤੇ ਬਰਾਤਾਂ  ਜੋ ਉਸ ਵੇਲੇ ਦੋ-ਦੋ, ਤਿੰਨ-ਤਿੰਨ ਦਿਨ ਰਹਿੰਦੀਆਂ ਸਨ, ਬਾਬਾ ਜੀ ਨੇ ਇੱਕ ਦਿਨ ਦੀ ਬਰਾਤ ਕਰਵਾਈ ਅਤੇ ਵਿਆਹ ਸ਼ਾਦੀਆਂ ਤੇ ਸ਼ਰਾਬ-ਕਬਾਬ ਬੰਦ ਕਰਵਾਇਆ, ਦਾਜ-ਦਹੇਜ ਨੂੰ ਬੰਦ ਕਰਵਾਇਆ,ਤੇ ਵਿਆਹਾਂ ਤੇ  ਜੋ ਡਾਂਸਰਾਂ (ਉਸ ਵੇਲੇ ਇਨ੍ਹਾਂ ਨੂੰ ਕੰਜਰੀਆਂ ਕਿਹਾ ਜਾਂਦਾ ਸੀ)  ਨਚਾਈਆਂ ਜਾਂਦੀਆਂ ਸੀ, ਉਹ ਵੀ ਬੰਦ ਕਰਵਾਈਆਂ।(ਪਰ ਪਿਛਲੇ ੧੦-੧੫ ਸਾਲਾਂ ਤੋਂ ਖਾਸ ਕਰਕੇ ਲੁਬਾਣਿਆਂ ਨੇ ਵਿਆਹ ਸ਼ਾਦੀਆਂ ਪਾਰਟੀਆਂ ਵਿਚ ਡੀæਜੇæ ਦੀ ਜੋ ਅੱਤ ਕਰਵਾਈ ਹੋਈ ਏ, ਗਰੀਬ ਤੋਂ ਗਰੀਬ ਅਤੇ ਅਮੀਰ ਤੋਂ ਅਮੀਰ ਬੰਦਾ ਵੀ ਡੀæਜੇæ ਵਿਆਹ ਵਿਚ ਚਲਾਉਣਾ ਸ਼ਾਇਦ ਰਸਮ ਸਮਝਦਾ ਹੈ ਤੇ ਫਿਰ ਦਾਰੂ ਪੀ ਕੇ ਉਨ੍ਹਾਂ ਤੇ ਹਜਾਰਾਂ,ਲੱਖਾਂ ਨੋਟ ਸੁੱਟ ਕੇ ,ਆਪਣੀ ਅਮੀਰੀ ਜਾਂ ਨਾ ਸਮਝੀ ਦਿਖਾਈ ਜਾ ਰਹੀ ਹੈ, ਜੋ ਕਿ ਬਾਬਾ ਜੀ ਨੇ ਮਨ੍ਹਾਂ ਕੀਤਾ ਸੀ)
੫æ ਵਿਆਹ ਦੇ ਵਿਚ ਘੱਟ ਤੋਂ ਘੱਟ ਬਰਾਤਾਂ ਲੈ ਕੇ ਜਾਣ ਦੀ ਪ੍ਰੰਪਰਾ ਚਲਾਈ ।(ਪਰ ਅੱਜ ਬਹੁਤ ਸਾਰੇ ਲੋਕ ਇਹ ਕੁੜੀ ਵਾਲਿਆਂ ਨੂੰ ਇਹ ਕਹਿੰਦੇ ਹਨ ਕਿ ਸਾਡੀ ਬਰਾਤ ਦੀ ਸੇਵਾ ਜਰੂਰ ਕਰ ਦਿਓ,ਦਾਜ ਭਾਵੇਂ ਘੱਟ ਦੇ ਦਿਓ, ਪਰ ਇਹ ਸੇਵਾ ਕੁੜੀ ਵਾਲਿਆਂ ਨੂੰ ਜਿੰਨੀ ਮਹਿੰਗੀ ਪੈਂਦੀ ਹੈ, ਇਹ ਤੇ ਫਿਰ ਉਹ ਕੁੜੀ ਵਾਲਿਆਂ ਦਾ ਪ੍ਰੀਵਾਰ ਹੀ ਜਾਣਦਾ ਹੈ, ਜਿਸ ਦਾ ਕਰਜਾ ਉਹ ਸ਼ਾਇਦ ਸਾਰੀ ਉਮਰ ਲਾਹੁੰਦੇ ਮਰ ਜਾਂਦੇ ਹਨ। ੪੦੦-੫੦੦ ਬੰਦੇ ਦਾ ਰੈਸਟੋਰੈਂਟ ਦਾ ਖਰਚਾ ਹਜਾਰਾਂ ਨਹੀਂ ਲੱਖਾਂ ਦਾ ਹੁੰਦਾ ਹੈ, ਪੈਲੇਸਾਂ ਵਾਲੇ ੧੦-੧੫ ਲੱਖ ਤਾਂ ਸਹਿਜੇ ਲੈ ਜਾਂਦੇ ਹਨ।)
੬æ ਸਮਾਜ ਦੀ ਭਲਾਈ ਲਈ ਸਿਆਸਤ ਵਿਚ ਆਏ ੧੯੩੫ ਤੇ ਫਿਰ ੧੯੪੬ ਈਂæ ਵਿਚ ਆਪ ਜੀ ਐਮæਐਲ਼ਏ ਬਣੇ,ਪਰ ਸਿਆਸਤ ਦੇ ਗੁਲਾਮ ਨਹੀਂ ਬਣੇ ਅਤੇ ਬੇਈਮਾਨੀ ਦੀ ਕਮਾਈ ਨਹੀਂ ਕੀਤੀ ਸਗੋਂ ਇੱਕ ਐਮæਐਲ਼ਏ ਹੁੰਦੇ ਹੋਏ ਵੀ ਸਾਦਾ ਜੀਵਨ ਬਤੀਤ ਕੀਤਾ ਅਤੇ ਲੋਕਾਂ ਦੇ ਹਰ ਦੁੱਖ ਸੁੱਖ ਵਿਚ ਸ਼ਾਮਿਲ ਹੁੰਦੇ ਰਹੇ।( ਪਰ ਅੱਜਕੱਲ ਅੈਮæ ਐਲ਼ਏ ਸ਼ਾਇਦ ਪੈਸਾ ਕਮਾਉਣ ਲਈ ਹੀ ਬਣਿਆ ਜਾਂਦਾ ਹੈ, ਇਲਾਕੇ ਦਾ ਵਿਕਾਸ ਘੱਟ ਤੇ ਉਨ੍ਹਾਂ ਦਾ ਜਨਾਜ਼ਾ ਵੱਧ ਕਢਿਆ ਜਾ ਰਿਹਾ ਹੈ)
੭æ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦੀ ਕਮੇਟੀ ਦੇ ਮੈਂਬਰ ਹੁੰਦਿਆ ਉਨ੍ਹਾਂ ਨੇ ਹਰਿ ਕੀ ਪਉੜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਕਾਰ ਸੇਵਾ ਵੀ ਕਰਵਾਈ ਜਿਥੇ ਕਿ ਅੱਜ ਵੀ ਮਹਾਂਪੁਰਸ਼ਾਂ ਦੇ ਨਾਮ ਦਾ ਪੱਥਰ ਲੱਗਾ ਹੋਇਆ ਹੈ, ਵੱਖ ਵੱਖ ਗੁਰੂ ਘਰਾਂ ਦੀ ਕਾਰਸੇਵਾ ਵੀ ਕਰਵਾਈ ।(ਪਰ ਅੱਜਕੱਲ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਜੋ ਕਾਰਗੁਜਾਰੀ ਚੱਲ ਰਹੀ ਹੈ ਉਸ ਬਾਰੇ ਵੀ ਲੋਕਾਂ ਵਿਚ ਸ਼ੰਕੇ ਖੜ੍ਹੇ ਹੋ ਗਏ ਹਨ, ਪਹਿਲਾਂ ਆਪ ਹੀ ਕਿਸੇ ਨੂੰ ਮੁਆਫੀ ਦੇ ਦੇਣੀ ਤੇ ਕਿਸੇ ਦੀ ਫਿਲਮ ਰਿਲੀਜ਼ ਕਰਵਾ ਦੇਣੀ, ਤੇ ਜਦੋਂ ਸੰਗਤਾਂ ਨੂੰ ਪਤਾ ਲੱਗ ਜਾਂਦਾ ਹੈ ਤੇ ਫਿਰ ਆਪ ਹੀ ਕਮੇਟੀ ਵਾਲੇ ਉਸ ਆਪਣੇ ਕੀਤੇ ਕੰਮਾਂ ਤੇ ਪੜ੍ਹਦਾ ਪਾਉਣ ਲਈ ਉਸ ਵਿਅਕਤੀ ਦੀ ਮੁਆਫੀ (ਜਿਵੇਂ ਸਰਸੇ ਵਾਲੇ ਦੀ ਰੱਦ ਕੀਤੀ ਸੀ) ਰੱਦ ਕਰ ਦਿੰਦੇ ਹਨ ਤੇ ਜਾਂ ਫਿਰ ਉਸ ਨੂੰ ਕੌਮ ਵਿਚੋਂ ਛੇਕਣ ਦਾ ਡਰਾਮਾ ਕਰਦੇ ਹਨ)
੮æ ੧੯੪੭ ਦੀ  ਪਾਕਿਸਤਾਨ ਅਤੇ ਹਿੰਦੁਸਤਾਨ ਦੀ ਵੰਡ ਵੇਲੇ ਵੀ ਲੁਬਾਣਾ ਕੌਮ ਦੀ ਹਰ ਪੱਖੌਂ ਸਹਾਇਤਾ ਕੀਤੀ ਅਤੇ ਇਧਰ ਭਾਰਤ ਵਿਚ ਉਨ੍ਹਾਂ ਨੂੰ ਇੱਕ ਜਗ੍ਹਾਂ ਬੈਠਣ ਲਈ ਵੀ ਬਹੁਤ ਮਿਹਨਤ ਕੀਤੀ,ਬੇਗੋਵਾਲ ਵਿਚ ਉਨ੍ਹਾਂ ਦੀ ਆਪਣੀ ਰਿਹਾਇਸ਼ ਸੀ, ਸੁਭਾਨਪੁਰ ਤੋਂ ਲੈ ਕੇ ਮੁਕੇਰੀਆਂ ਤੱਕ ਲੁਬਾਣਾ ਬੈਲਟ ਤਿਆਰ ਕੀਤੀ।ਤਾਂ ਜੋ ਕੌਮ ਦੀ ਅਗਵਾਈ ਕਰਨ ਵਾਲਾ ਲੀਡਰ ਤਿਆਰ ਕੀਤਾ ਜਾ ਸਕੇ। ( ਜੇਕਰ ਹੁਣ ਵਾਲਾ ਇਸ ਕੌਮ  ਦੇ ਲੀਡਰਾਂ ਦੀ ਗੱਲ ਕਰੀਏ ਤੇ ਉਹ ਬਾਬਾ ਜੀ ਦੱਸੇ ਮਾਰਗਾਂ ਤੋਂ ਕੋਹਾਂ ਦੂਰ ਹਨ )
੯æ ਬਿਆਸ ਦਰਿਆ ਦਾ ਪਾਣੀ ਜੋ ਕਿ ਬਾਰਸ਼ਾਂ ਦੇ ਦਿਨਾਂ ਵਿਚ ਇਸ ਇਲਾਕੇ ਵਿਚ ਹੜ੍ਹਾਂ ਦਾ ਰੂਪ ਅਖਤਿਆਰ ਕਰ ਲੈਂਦਾ ਸੀ ਤੇ ਇਲਾਕੇ ਦਾ ਬਹੁਤ ਨੁਕਸਾਨ ਹੁੰਦਾ ਸੀ, ਬਾਬਾ ਜੀ ਨੇ ਧੁੱਸੀ ਬੰਨ ਬਨਵਾ ਕੇ ਲੋਕਾਂ ਦੇ ਹੁੰਦੇ ਨੁਕਸਾਨ ਨੂੰ ਬਚਾਇਆ।( ਪਰ ਹੁਣ ਵਾਲੇ ਲੀਡਰ ਬਿਆਸ ਦਾ ਪਾਣੀ ਜਹਿਰੀਲਾ ਬਣਾਉਣ ਲਈ ਦਿਨ ਰਾਤ ਲੱਗੇ ਹੋਏ ਹਨ, ਜਿਸ ਦਾ ਖਮਿਆਜ਼ਾ ਜਿਥੇ ਜਲ-ਜੀਵਾਂ ਨੂੰ ਭੁਗਤਣਾ ਪੈ ਰਿਹਾ ਹੈ ਉਸ ਦੇ ਨਾਲ ਹੀ ਉਹ ਲੋਕ ਵੀ ਪ੍ਰਭਾਵਿਤ ਹੋਏ ਹਨ ਜੋ ਬਿਆਸ ਦਰਿਆ ਦਾ ਪਾਣੀ ਵਰਤੋਂ ਵਿਚ ਲਿਆਉਂਦੇ ਹਨ)
੧੦æ ਆਪਣੀ ਨਿੱਜੀ ਜਾਇਦਾਦ ਨਹੀਂ ਬਣਾਈ ਸਗੋਂ ਕੌਮ ਦੀ ਭਲਾਈ ਲਈ ਪੈਸੇ ਦੀ ਵਰਤੋਂ ਕੀਤੀ, ਗਰੀਬਾਂ ਲਈ ਉਨ੍ਹਾਂ ਦੇ ਦਰਵਾਜੇ ਹਰ ਵਕਤ ਖੁੱਲੇ ਰਹਿੰਦੇ ਸਨ ਤੇ ਹਰ ਵੇਲੇ ਲੋਕ ਉਨ੍ਹਾਂ ਨਾਲ ਜੁੜੇ ਰਹਿੰਦੇ ਸਨ, ਬਾਬਾ ਜੀ ਗੁਰਬਾਣੀ ਦੇ ਪੱਕੇ ਨਿਤਨੇਮੀ ਸਨ, ਇਸ ਕਰਕੇ ਲੋਕਾਂ ਨੂੰ ਵੀ ਗੁਰਬਾਣੀ ਨਾਲ ਜੋੜਦੇ ਸਨ ਤੇ ਕਦੇ ਵੀ ਕਿਸੇ ਨੂੰ ਵਹਿਮਾਂ ਭਰਮਾਂ ਵਿਚ ਨਹੀਂ ਸਨ ਪਾਉਂਦੇ। ( ਪਰ ਅੱਜਕੱਲ ਦੇ ਬਾਬੇ ਉਸੇ ਹੀ ਪਿੰਡ ਵਿਚ ਦੀਵਾਨ ਲਾਉਂਦੇ ਹਨ ਜਿਥੋਂ ਉਨ੍ਹਾਂ ਨੂੰ ਮੋਟੀ ਰਕਮ ਮਿਲੇ, ਗੁਰਬਾਣੀ ਦਾ ਸਤਿਕਾਰ ਭਾਵੇਂ ਕੋਈ  ਕਰੇ ਨਾ ਕਰੇ ਇਨ੍ਹਾਂ ਨੂੰ ਕੋਈ ਦੁੱਖ ਨਹੀਂ ਪਰ ਇਨ੍ਹਾਂ ਦੇਹਧਾਰੀ ਬਾਬਿਆਂ ਦਾ ਸਤਿਕਾਰ ਜਰੂਰ ਹੋਣਾ ਚਾਹੀਦਾ ਹੈ)
੧੧æ ੨ ਜੂਨ ੧੯੫੦ ਨੂੰ ਆਪ ਬੇਗੋਵਾਲ ਵਿਖੇ ਰਹਿੰਦੇ ਹੋਏ ਸਰੀਰਕ ਤੌਰ  ਤੇ ਭਾਵੇਂ ਹਮੇਸ਼ਾਂ ਲਈ ਗੁਰੂ ਚਰਨਾਂ ਵਿਚ ਜਾ ਬਿਰਾਜੇ ਪਰ ਉਨ੍ਹਾਂ ਦੀਆਂ ਯਾਦਾਂ ਲੋਕ ਦੇਸ਼ ਵਿਦੇਸ਼ ਵਿਚ ਮਨਾਉਂਦੇ ਰਹਿਣਗੇ, ਅੱਜ ਬਹੁਤ  ਲੋੜ ਹੈ ਉਨ੍ਹਾਂ ਦੇ ਕੀਤੇ ਗਏ ਕਾਰਜਾਂ ਨੂੰ ਅਗੇ ਵਧਾਉਣ ਦੀ।
– ਦੇਸ਼ ਵਿਦੇਸ਼ ਵਿਚ ਬਾਬਾ ਜੀ ਦੀ ਯਾਦ ਮਨਾਉਣ ਵਾਲਿਆਂ ਨੂੰ ਉਨ੍ਹਾਂ ਦੇ ਕੀਤੇ ਗਏ ਕਾਰਜਾਂ ਨੂੰ ਵੀ ਅਗੇ ਵਧਾਉਣਾ ਚਾਹੀਦਾ ਹੈ,ਆਉਣ ਵਾਲਿਆਂ ਬੱਚਿਆਂ ਦੇ ਭਵਿੱਖ ਲਈ ਸੋਚਣਾ ਚਾਹੀਦਾ ਹੈ, ਬਾਬਾ ਜੀ ਵਾਲੀ ਸੋਚ ਅਪਣਨਾਉਣ ਦੀ ਲੋੜ ਹੈ, ਵਿਆਹ ਸ਼ਾਦੀਆਂ ਤੇ ਦਾਜ-ਦਹੇਜ ਤੇ ਮੀਟ ਸ਼ਰਾਬ ਜੋ ਬਾਬਾ ਜੀ ਨੇ ਬੰਦ ਕਰਵਾਇਆ ਸੀ ਪਰ ਕੀ ਅਸੀਂ ਬੰਦ ਕੀਤਾ ਹੈ, ਜੇ ਨਹੀਂ ਤੇ ਫਿਰ ਲੋੜ ਹੈ ਸਾਡੇ ਬਰਸੀ ਮਨਾਉਣ ਵਾਲੇ ਪ੍ਰਬੰਧਕਾਂ ਨੂੰ ਉਨ੍ਹਾਂ ਦੇ ਕੀਤੇ ਕੰਮਾਂ ਨੂੰ ਵੀ ਯਾਦ ਕਰਦੇ ਹੋਏ ਕੌਮ ਦੇ ਉਸਰਈਏ ਬਣੀਏ ਅਤੇ ਵਿਆਹਾਂ ਸ਼ਾਦੀਆਂ ਤੇ ਕੀਤੇ ਜਾ ਰਹੇ ਫੋਕੇ ਰਸਮਾਂ ਰਿਵਾਜ, ਦਾਜ ਦਹੇਜ ਬੰਦ ਕਰੀਏ, ਡਰਾਮੇਬਾਜੀਆਂ,ਡੀæਜੇæ ਦਾਰੂ ਪੀ ਕੇ ਡਾਂਸਰਾਂ ਤੇ ਨੋਟ ਖਿਲਾਰਣੇ,ਰਿਸ਼ਤੇਦਾਰਾਂ ਨੂੰ ਸੋਨਾ ਪਾਉਣਾ ਬੰਦ ਕੀਤਾ ਜਾਵੇ, ਬੱਚਿਆਂ ਨੂੰ ਸਮੇਂ ਦੇ ਨਾਲ ਕੋਈ ਨਾ ਕੋਈ ਕੰਮ ਧੰਦਾ ਸਿਖਾਇਆ ਜਾਵੇ, ਜੋ ਗਰੀਬ ਪ੍ਰੀਵਾਰ ਨੇ ਉਨ੍ਹਾਂ ਦੀ ਹਰ ਪੱਖੌ ਸਹਾਇਤਾ ਕੀਤੀ ਜਾਵੇ,ਮੁੰਡੇ ਦੇ ਵਿਆਹ ਵਿਚ ਦਾਜ ਲਈ ਮਹਿੰਗੀਆਂ ਗੱਡੀਆਂ ਦੀ ਮੰਗ ਕਰਨੀ ਤੇ ਫਿਰ ਜਦੋਂ ਵਿਆਹ ਤੋਂ ਬਾਦ ਨੂੰਹ ਘਰ ਵਿਚ ਆ ਜਾਵੇ ਤੇ ਉਸ ਤੋਂ ਸਿਰਫ ਤੇ ਸਿਰਫ ਮੁੰਡਾ ਜੰਮਣ ਦੀ ਆਸ ਰੱਖਣੀ, ਕੁੜੀ ਹੋਣ ਤੇ ਪੇਟ ਵਿਚ ਹੀ ਕਤਲ ਕਰਵਾ ਦੇਣਾ, ਕੀ ਇਹ ਕੰਮ ਕਰਨੇ ਮਹਾਂਪੁਰਸ਼ਾਂ ਦੀਆਂ ਬਰਸੀਆਂ ਮਨਾਉਣ ਵਾਲਿਆਂ ਨੂੰ ਬੰਦ ਨਹੀਂ ਕਰਵਾਉਣੇ ਚਾਹੀਦੇ?
ਬਰਸੀ ਸਮਾਗਮ ਕਰਵਾਉਣ ਵੇਲੇ ਜਰੂਰ ਮਹਾਂਪੁਰਸ਼ਾਂ ਦੀ ਸੋਚ ਨੂੰ ਵਿਚਾਰਿਆ ਤੇ ਪ੍ਰਚਾਰਿਆ ਜਾਣਾ ਚਾਹੀਦਾ ਹੈ, ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਹਨ ਪਰ ਉਨ੍ਹ ਕੋਲ ਪੜ੍ਹਨ ਲਈ ਸਾਧਨ ਨਹੀਂ, ਉਨ੍ਹਾਂ ਦੀ ਸਹਾਇਤਾ ਕਰਨੀ ਚਾਹੀਦਾ ਹੈ ਤਾਂ ਜੋ ਉਹ ਬੱਚੇ ਪੜ੍ਹ ਕੇ ਸਾਡੀ ਕੌਮ ਲਈ ਉਚ ਅਹੁਦਿਆਂ ਤੇ ਜਾ ਕੇ ਲੋਕ ਭਲਾਈ ਕਰ ਸਕਣ।ਪਿੰਡਾਂ ਵਿਚ ਵੱਸਣ ਵਾਲਿਆਂ ਨੂੰ ਵੀ ਯਾਦ ਕੀਤਾ ਜਾਣਾ ਚਾਹੀਦਾ ਹੈ , ਪੈਸੇ ਦੀ ਬਰਬਾਦੀ ਕਰਨ ਦੀ ਜਗ੍ਹਾਂ ਕੋਈ ਅਜਿਹਾ ਫੰਡ ਇਕੱਠਾ ਕੀਤਾ ਜਾਵੇ ਤਾਂ ਜੋ ਸਾਡੀ ਆਉਣ ਵਾਲੀ ਪੀੜੀ ਸਾਡੇ ਤੇ ਮਾਣ ਕਰ ਸਕੇ, ਨਹੀਂ ਤੇ ਸ਼ਾਹਾਂ ਦੀ ਕੌਮ ਨੂੰ ਲੋਕ ਸੌ ਸੌ ਸੁਆਲ ਜਰੂਰ ਪੁੱਛਦੇ ਰਹਿਣਗੇ।
– ਸਵਰਨਜੀਤ ਸਿੰਘ ਘੋਤੜਾ