Advertisement
Advertisement

1 ਦਸੰਬਰ ਨੂੰ ਏਡਜ਼ ਦਿਵਸ ‘ਤੇ ਵਿਸੇਸ਼

ਪੰਜਾਬ ਲਈ ਖਤਰੇ ਦੀ ਘੰਟੀ ਹੈ ਏਡਜ਼ ਦਾ ਵਧ ਰਿਹਾ ਪ੍ਰਕੋਪ

aids‘ਐੱਚ ਆਈ ਵੀ – ਏਡਜ਼’ ਕੌਹੜ ਵਾਂਗ ਇੱਕ ਨਹਿਸ਼ ਬਿਮਾਰੀ ਹੈ ਜੋ ਕਿ ਅਜੋਕੇ ਸਮੇਂ ਵਿੱਚ ਭਿਆਨਕ ਅਤੇ ਨਾਮੁਰਾਦ ਮਹਾਂਮਾਰੀ ਦਾ ਰੂਪ ਧਾਰਨ ਕਰ ਗਈ ਹੈ। ਇਸ ਮੁਹਲਕ ਬਿਮਾਰੀ ਨੇ ਸੰਸਾਰ ਭਰ ਨੂੰ ਅਪਣੀ ਬੁੱਕਲ ਵਿੱਚ ਲਪੇਟਿਆ ਹੋਇਆ ਹੈ। ਆਮ ਤੌਰ ‘ਤੇ ਇਸ ਬਿਮਾਰੀ ਨੂੰ ਮਨੁੱਖਤਾ ਵਾਸਤੇ ਇਖਲਾਕੀ ਕਲੰਕ ਵੀ ਗਰਦਾਨਿਆ ਜਾਂਦਾ ਹੈ। ਇਹ ਬਿਮਾਰੀ ਬਦਕਾਰੀ ਅਤੇ ਨਸ਼ਿਆਂ ਦੀ ਵਰਤੋਂ-ਕੁਵਰਤੋਂ ਤੋਂ ਉਪਜਦੀ ਹੈ। ਬਹੁਤ ਸਾਰੇ ਮਰੀਜ਼ਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਉਹ ਏਡਜ਼ ਦੇ ਮਰੀਜ਼ ਬਣ ਚੁੱਕੇ ਹਨ ਕਿ ਨਹੀਂ। ਇਸ ਮਹਾਂਮਰੀ ਤੋਂ ਬਚਣ ਲਈ ਮਨੁੱਖਤਾ ਨੂੰ ਵਿਰਾਸਤੀ, ਨੈਤਿਕ ਤੇ ਸੱਭਿਆਚਾਰਕ ਸਲੀਕਿਆਂ ਦਾ ਆਦਰ ਮਾਣ ਕਰਨਾ ਹੋਵੇਗਾ।
ਏਡਜ਼ ਐੱਚæ ਆਈæ ਵੀæ ਕਾਰਨ ਹੁੰਦੀ ਹੈ। ਐੱਚæ ਆਈæ ਵੀæ ਇੱਕ ਵਾਇਰਸ ਹੈ ਜੋ ਕਿ ਮਰੀਜ਼ ਦੇ ਖੂਨ, ਮਨੁੱਖੀ ਵੀਰਜ, ਯੋਨੀ ਦੇ ਤਰਲ ਪਦਾਰਥਾਂ, ਖੂਨ ਜਾਂ ਮਾਂ ਦੇ ਦੁੱਧ ਰਾਹੀਂ ਕਿਸੇ ਦੂਸਰੇ ਪ੍ਰਾਣੀ ਦੇ ਸਰੀਰ ਵਿੱਚ ਪਹੁੰਚ ਜਾਂਦਾ ਹੈ ਅਤੇ ਵਿਸ਼ੈਲੇ ਤੱਥਾਂ ਰਾਹੀਂ ਬੀਮਾਰੀ ਦਾ ਕਾਰਨ ਬਣ ਜਾਂਦਾ ਹੈ। ਇਹ ਵੀ ਸਹੀ ਹੈ ਕਿ ਇਹ ਬੀਮਾਰੀ ਨਾਈ ਦੇ ਗੰਦੇ ਬਲੇਡਾਂ, ਦੂਸ਼ਿਤ ਸਰਿੰਜਾਂ, ਸਰੀਰ ‘ਤੇ ਟੈਟੂ ਖੁਦਵਾਉਣ, ਸੁੰਨਤ ਕਰਵਾਉਣ, ਖੂਨ ਦੇ ਪ੍ਰਦੂਸ਼ਿਤ ਦਾਨੀਆਂ, ਅੰਗ ਵਿਕਰੇਤਾਵਾਂ ਜਾਂ ਡਾਕਟਰਾਂ ਦੀ ਅਣਗਹਿਲੀ ਨਾਲ ਵੀ ਮਨੁੱਖ ਨੂੰ ਚੰਬੜ ਜਾਂਦੀ ਹੈ। ਵਿਹਲੇ ਰਹਿਣਾ, ਭੈੜੀ ਸੰਗਤ ‘ਚ ਰਹਿਣਾ, ਨਾਚ-ਮੁਜਰੇ ਦੇਖਣਾ, ਗੰਦਾ-ਮੰਦਾ ਸਾਹਿਤ ਪੜ੍ਹਨਾ, ਗੰਦੀਆਂ ਫਿਲਮਾਂ ਦੇਖਣਾ, ਗੈਰ-ਅਨੁਸਾਸ਼ਿਤ ਸੰਭੋਗ ਪ੍ਰਕਿਰਿਆ, ਨੰਗੇਜ਼ਵਾਦ ਅਤੇ ਭੜਕੀਲੇ ਟਾਈਪ ਦੇ ਗਲਤ-ਫਲਤ ਕਪੜੇ ਆਦਿ ਪਹਿਨਣਾ ਵੀ ਇਸ ਬੀਮਾਰੀ ਨਾਲ ਜੁੜੇ ਵਰਤਾਰੇ ਹਨ। ਇਸ ਬੀਮਾਰੀ ਨਾਲ ਰੋਗਾਂ ਦਾ ਟਾਕਰਾ ਕਰਨ ਦੀ ਸਰੀਰਕ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ। ਆਮ ਤੌਰ ‘ਤੇ ਏਡਜ਼ ਨੂੰ ਕਈ ਬੀਮਾਰੀਆਂ ਦਾ ਸੰਗ੍ਰਹਿ ਮੰਨਿਆ ਜਾਂਦਾ ਹੈ।
ਘੋਖ ਕੀਤੀ ਜਾਵੇ ਤਾਂ ਜ਼ਾਹਿਰ ਹੁੰਦਾ ਹੈ ਕਿ ਵਿਸ਼ਵ ਦਾ ਹਰ ਧਰਮ ਨਸ਼ਿਆਂ ਅਤੇ ਵੇਸਵਾਗ਼ਮਨੀ ਨੂੰ ਅਨੈਤਿਕ, ਵਿਭਚਾਰ ਅਤੇ ਦੁਰਾਚਾਰਿਕ ਕੁਕਰਮ ਵਜੋਂ ਗਰਦਾਨਦਾ ਹੈ। ਸਿੱਖ ਧਰਮ ਗ੍ਰੰਥਾਂ ਅਤੇ ਸਿੱਖ ਰਹਿਤ ਮਰਯਾਦਾ ਅਨੁਸਾਰ ਵੀ ਨਸ਼ੇ ਅਤੇ ਪਰਾਏ ਇਸਤਰੀ-ਮਰਦ ਦੇ ਆਪਸੀ ਕਾਮੁਕ ਸਬੰਧਾਂ ਨੂੰ ਵਰਜਿਤ ਮੰਨਿਆਂ ਜਾਂਦਾ ਹੈ ਅਤੇ ਵੇਸਵਾਗ਼ਮਨੀ ਨੂੰ ਗੰਭੀਰ ਗੁਨਾਹਾਂ ਦੀ ਕਤਾਰ ਨਾਲ ਜੋੜ੍ਹਿਆ ਜਾਂਦਾ ਹੈ । ਇਸੇ ਹੀ ਤਰ੍ਹਾਂ ਇਸਲਾਮ, ਬੁੱਧ ਧਰਮ, ਇਸਾਈ ਧਰਮ ਅਤੇ ਹੋਰ ਧਰਮ ਵੀ ਮਨੁੱਖਤਾ ਨੂੰ ਐਸੇ ਕੁਕਰਮਾਂ ਤੋਂ ਬਚਣ ਲਈ ਸੰਦੇਸ਼ ਤੇ ਆਦੇਸ਼ ਦਿੰਦੇ ਹਨ, ਪਰ ਅਜੋਕੇ ਮਨੁੱਖ ਅੰਦਰ ਵਕਾਰਾਂ ਦਾ ਲੁਕਿਆ ਹੋਇਆ ਸ਼ੈਤਾਨ ਮੁੜ-ਘਿੜ ਇਨਾਂ ਗੁਨਾਹਾਂ ਦੀ ਦਲਦਲ ਵਿੱਚ ਫਸਣ ਦੀ ਪਰੇਰਨਾ ਤੋਂ ਗੁਰੇਜ਼ ਨਹੀਂ ਕਰਨ ਦਿੰਦਾ, ਜਿਸ ਕਰਕੇ ਏਡਜ਼ ਵਰਗੀ ਬੀਮਾਰੀ ਨੇ ਮਨੁੱਖਤਾ ਦੇ ਮੱਥੇ ‘ਤੇ ਇੱਕ ਕਾਲਾ ਕਲੰਕ ਮੜ੍ਹ ਦਿੱਤਾ ਹੈ। ਇਨਾਂ ਕਲੰਕਾਂ ਦੇ ਸਿੱਟੇ ਵਜੋਂ ਏਡਜ਼ ਵਰਗੀਆਂ ਬੀਮਾਰੀਆਂ ਨੇ ਮਨੁੱਖਤਾ ਦਾ ਤਾਂ ਧੂੰਆਂ ਹੀ ਕੱਢ ਛੱਡਿਆ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਐਚ ਆਈ ਵੀ-ਏਡਜ਼ ਕਦੋਂ ਅਤੇ ਕਿੱਥੋਂ ਸ਼ੁਰੂ ਹੋਈ ਸੀ? ਮੰਨਿਆਂ ਜਾਂਦਾ ਹੈ ਕਿ ਵਿਸ਼ਵ ਭਰ ਵਿੱਚ ਏਡਜ਼ ਦੀ ਪਹਿਲੀ ਵਾਰ ਜਾਣ-ਪਛਾਣ ਸੰਨ ੧੯੮੧ ਵਿੱਚ ਹੋਈ ਸੀ, ਪਰ ਇਹ ਵੀ ਮੰਨਿਆਂ ਜਾਂਦਾ ਹੈ ਕਿ ਇਹ ਬੀਮਾਰੀ ਤਾਂ ਬਹੁਤ ਪੁਰਾਣੀ ਸੀ ਅਤੇ ਮਨੁੱਖ ਨੂੰ ਇਸਦਾ ਗਿਆਨ ਬਹੁਤ ਦੇਰ ਬਾਅਦ ਹੋਇਆ ਹੈ। ਕਈ ਵਿਚਾਰਵਾਨ ਕਹਿੰਦੇ ਹਨ ਕਿ ਇਹ ਬੀਮਾਰੀ ਯੂਗਾਂਡਾ ਦੇ ਗਰੀਨ ਬਾਂਦਰਾਂ ਤੋਂ ਜਾਂ ਚਿੰਮਪੈਂਜ਼ੀ ਵਾਇਰਸ ਨਾਲ ਸ਼ੁਰੂ ਹੋਈ ਸੀ, ਪਰ ਇਹ ਵੀ ਕਿਆਸ ਕੀਤਾ ਜਾਂਦਾ ਹੈ ਕਿ ਇਹ ਬੀਮਾਰੀ ਪਹਿਲੋਂ ਪਹਿਲ ਅਮਰੀਕਾ ਦੇ ਸ਼ਹਿਰ ਲਾਸ ਐਂਜਲਸ ਤੋਂ ਸ਼ੁਰੂ ਹੋਈ ਸੀ ਜਾਂ ਇਸ ਦਾ ਵਾਇਰਸ ਕਿਸੇ ਲਿਬਾਰਟਰੀ ਵਿੱਚ ਤਿਆਰ ਕੀਤਾ ਗਿਆ ਸੀ। ਜਿਵੇਂ ਵੀ ਹੋਵੇ ਇਹ ਇਕ ਚਿੰਤਾਜਨਕ ਤੇ ਨਹਿਸ਼ ਬੀਮਾਰੀ ਹੈ ਜਿਸ ਦੇ ਇਲਾਜ ਲਈ ਵਿਸ਼ਵ ਭਰ ਵਿੱਚ ਭਾਵੇਂ ਅਰਬਾਂ-ਖਰਬਾਂ ਰੁਪਿਆਂ ਦਾ ਖਰਚਾ ਹੋ ਚੁਕਿਆ ਹੈ, ਪਰ ਅੱਜ ਤੱਕ ਇਸ ਬੀਮਾਰੀ ਦਾ ਪੱਕਾ ਇਲਾਜ ਨਾ ਲੱਭਣ ਕਰਕੇ ਕੋਈ ੩੯ ਮਿਲੀਅਨ ਲੋਕ ਮਰ ਚੁੱਕੇ ਹਨ।
ਸਰਕਾਰੀ ਅੰਕੜਿਆਂ ਅਨੁਸਾਰ ਵਿਸ਼ਵ ਭਰ ‘ਚ ਹੁਣ ਕੋਈ ੩੫-੪੦ ਮਿਲੀਅਨ ਲੋਕ ਐਚ ਆਈ ਵੀ-ਏਡਜ਼ ਨਾਲ ਬੀਮਾਰ ਪਏ ਹਨ, ਜਿਨ੍ਹਾਂ ਵਿੱਚੋਂ ੧੫ ਸਾਲ ਤੋਂ ਘੱਟ ਉਮਰ ਦੇ ਕੋਈ ੩੨ ਲੱਖ ਐਸੇ ਬੱਚੇ ਹਨ ਜਿਨ੍ਹਾਂ ਨੂੰ ਇਹ ਬੀਮਾਰੀ ਮਾਂ ਦੇ ਗਰਭ ਜਾਂ ਮਾਂ ਦੇ ਦੁੱਧ ਤੋਂ ਚੰਬੜੀ ਸੀ। ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਵਿੱਚ ਵੀ ਕੋਈ ੨æ੦੮ ਮਿਲੀਅਨ ਤੋਂ ਵੱਧ ਲੋਕ ਇਸ ਬੀਮਾਰੀ ਦੇ ਸ਼ਿਕਾਰ ਹਨ, ਪਰ ਅਸਲ ਅੰਕੜੇ ਇਸ ਤੋਂ ਬਹੁਤ ਵੱਧ ਦੱਸੇ ਜਾਂਦੇ ਹਨ।
ਪੰਜਾਬ ਰਾਜ ਏਡਜ਼ ਰੋਕਥਾਮ ਸੁਸਾਇਟੀ ਮੁਤਾਬਿਕ ਪੰਜਾਬ ਵਿੱਚ ਇਸ ਬੀਮਾਰੀ ਦੇ ਮੌਜੂਦਾ ਸਰਕਾਰੀ ਅੰਕੜੇ ਕੋਈ 57000 ਤੋਂ ਵੱਧ ਮਿਲਦੇ ਹਨ ਜਿਸ ਵਿਚ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਸਭ ਤੋਂ ਵੱਧ ਬੀਮਾਰਾਂ ਦੇ ਅੰਕੜੇ ਹੁਣ 14309 ਦੇ ਕਰੀਬ ਪਾਏ ਗਏ ਹਨ। ਗੁਰੂ ਸਾਹਿਬਾਨ ਦੀ ਵਰੋਸਾਈ ਧਰਤੀ ਉਪਰ ਇਸ ਤੋਂ ਵੱਧ ਤ੍ਰਾਸਦੀ ਵਾਲੀ ਗੱਲ ਕੀ ਹੋ ਸਕਦੀ ਹੈ। ਸਰਹੱਦੀ ਜ਼ਿਲ੍ਹਾ ਹੋਣ ਕਰਕੇ ਇਥੇ ਨਸ਼ਾ ਤਸਕਰੀ ਵੱਡਾ ਸਰੋਕਾਰ ਬਣਿਆ ਹੋਇਆ ਹੈ ਅਤੇ ਇਹੀ ਇਥੇ ਏਡਜ਼ ਦੇ ਵਿਆਪਕ ਪਸਾਰ ਲਈ ਮੁੱਖ ਰੂਪ ‘ਚ ਜ਼ਿੰਮੇਵਾਰ ਹੈ।
ਏਡਜ਼ ਦੀ ਨਹਿਸ਼ ਬੀਮਾਰੀ ਇੱਕ ਵਾਇਰਸ ਰਾਹੀਂ ਫੈਲਦੀ ਹੈ ਜਿਸ ਨੂੰ ਹਿਊਮਨ ਇਮਿਊਨੋ ਡੈਫੀਸ਼ੈਂਸੀ ਵਾਇਰਸ (ਐਚ ਆਈ ਵੀ) ਕਿਹਾ ਜਾਂਦਾ ਹੈ। ਜੇਕਰ ਇਸ ਬੀਮਾਰੀ ਦੀ ਸਮੇਂ ਸਿਰ ਮੈਡੀਕਲ ਘੋਖ ਨਾ ਕਰਵਾਈ ਜਾਵੇ ਤਾਂ ਕਈ ਵਾਰੀ ੮-੧੦ ਸਾਲ ਬੀਤਣ ਤੱਕ ਵੀ ਇਸ ਬੀਮਾਰੀ ਦਾ ਪਤਾ ਹੀ ਨਹੀਂ ਲੱਗਦਾ ਤੇ ਇਸ ਪਿੱਛੋਂ ਬੀਮਾਰ ਇਸ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਇਹ ਬੀਮਾਰੀ ਬਹੁਤਾ ਕਰਕੇ ਦੱਖਣੀ ਅਫਰੀਕਾ, ਨਾਈਜੀਰੀਆ, ਕੀਨੀਆਂ, ਤਨਜ਼ਾਨੀਆਂ, ਯੂਗਾਂਡਾ, ਸਵਾਜ਼ੀਲੈਂਡ ਅਤੇ ਭਾਰਤ ਵਿੱਚ ਪਾਈ ਜਾਂਦੀ ਹੈ।
ਇਹ ਇੱਕ ਭਰਮ-ਭੁਲੇਖਾ ਹੀ ਹੈ ਕਿ ਛੂਤ ਦੀ ਬੀਮਾਰੀ ਵਾਂਗ ਇਹ ਬੀਮਾਰੀ ਕਿਸੇ ਰੋਗੀ ਨੂੰ ਹੱਥ ਲਗਾਉਣ, ਰੋਗੀ ਨਾਲ ਹੱਥ ਮਿਲਾਉਣ, ਉਸਦੇ ਜੂਠੇ ਭਾਂਡਿਆਂ ਰਾਹੀਂ, ਉਸ ਨਾਲ ਗਲਵਕੜੀ ਪਾਉਣ ਜਾਂ ਸਾਦਾ ਚੁੰਮਣ ਲੈਣ ਨਾਲ ਲੱਗ ਸਕਦੀ ਹੈ । ਇਸ ਕਥਨ ਵਿੱਚ ਕੋਈ ਵੀ ਸੰਦੇਹ ਨਹੀਂ ਹੈ ਕਿ ਏਡਜ਼ ਇਕ ਜਾਨਲੇਵਾ ਬੀਮਾਰੀ ਹੈ। ਇਸ ਦੀ ਰੋਕਥਾਮ ਲਈ ਹਰ ਵਿਅਕਤੀ ਨੂੰ ਆਪਣਾ ਨਿੱਜੀ ਆਚਰਨ, ਨੈਤਿਕਤਾ ਅਤੇ ਸੁਚਾਰੂ ਜੀਵਨ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। “ਨਿਜ ਨਾਰੀ ਕੇ ਸੰਗ ਨੇਹ ਤੁਮ ਨਿੱਤ ਬਢੈਯਹੁ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ” ਇਸ ਦੋਹਰੇ ਦਾ ਮਤਲਬ ਹੈ ਕਿ ਹਰ ਮਨੁੱਖ ਨੂੰ ਆਪਣੇ ਵਿਆਹੁਤਾ ਜੀਵਨ ਸਾਥੀ ਤੋਂ ਬਿਨਾਂ ਕਿਸੇ ਪਰਾਏ ਮਨੁੱਖ ਨਾਲ ਕਿਸੇ ਵੀ ਕਿਸਮ ਦੇ ਸਰੀਰਕ ਸਬੰਧਾਂ ਜਾਂ ਵੇਸਵਾਗਮਨੀ ਤੋਂ ਸਮੁੱਚਾ ਪਰਹੇਜ਼ ਕਰਨਾ ਚਾਹੀਦਾ ਹੈ।
ਇਸ ਬੀਮਾਰੀ ਦੀ ਰੋਕਥਾਮ ਲਈ ਮਾਪਿਆਂ, ਅਧਿਆਪਕਾਂ, ਵਿੱਦਿਅਕ ਅਦਾਰਿਆਂ, ਰੋਲ ਮਾਡਲਾਂ, ਨਸ਼ਿਆਂ ਤੇ ਵੇਸਵਾਗਮਨੀ ਦੇ ਸੌਦਾਗਰਾਂ, ਹੋਟਲਾਂ, ਮੋਟਲਾਂ, ਢਾਬਿਆਂ, ਦੁਕਾਨਦਾਰਾਂ, ਪੰਚਾਇਤੀ ਲੋਕਾਂ, ਸਮਾਜਿਕ ਸੰਸਥਾਵਾਂ, ਧਾਰਮਿਕ ਅਦਾਰਿਆਂ, ਸਭਾ ਸੁਸਾਇਟੀਆਂ, ਪ੍ਰਸ਼ਾਸਨਕਾਂ ਅਤੇ ਸਿਆਸੀ ਲੋਕਾਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਇਸ ਨਹਿਸ਼ ਬੀਮਾਰੀ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਸਾਰਥਕ ਉਪਰਾਲੇ ਕਰਨੇ ਚਾਹੀਦੇ ਹਨ। ਅਖਬਾਰਾਂ, ਰੇਡੀਓ, ਟੀਵੀ, ਇੰਟਰਨੈਟ, ਸੋਸ਼ਲ ਮੀਡੀਆ, ਕੈਂਪਾਂ, ਨਾਟਕਾਂ ਅਤੇ ਸੈਮੀਨਾਰਾਂ ਆਦਿ ਰਾਹੀਂ ਲੁਕਾਈ ਅਤੇ ਖਾਸ ਕਰਕੇ ਵਿੱਦਿਅਕ ਅਦਾਰਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਵਿੱਦਿਅਤ ਕਰਨ ਦੇ ਉਪਰਾਲੇ ਵੀ ਕਰਨੇ ਚਾਹੀਦੇ ਹਨ। ਸਮਾਜ ਦੀ ਇੱਜ਼ਤ ਮਾਣ ਦੇ ਸਾਰੇ ਹੀ ਰਾਖਿਆਂ ਅਤੇ ਕੁਕਰਮ ਕਰਨ ਵਾਲਿਆਂ ਨੂੰ ਖੁਦ ਵੀ ਚਾਹੀਦਾ ਹੈ ਕਿ ਜਿਨ੍ਹਾਂ ਲੱਖਾਂ ਹੀ ਧੀਆਂ ਨੂੰ ਸਮਾਜ ਨੇ ਧੱਕੇ ਨਾਲ ਦੇਹ ਵਿਉਪਾਰ ਦੀਆਂ ਕਾਲ ਕੋਠੜੀਆਂ ਦੇ ਅੱਡਿਆਂ ‘ਤੇ ਬਠਾਇਆ ਹੋਇਆ ਹੈ ਉਨ੍ਹਾਂ ਨੂੰ ਆਪਣੀਆਂ ਸਕੀਆਂ ਧੀਆਂ ਵਾਂਗ ਸਨਮਾਨ ਯੋਗ ਰੁਤਬਾ ਬਹਾਲ ਕਰਕੇ ਉਨ੍ਹਾਂ ਦਾ ਮੁੜ ਵਸੇਬਾ ਕਰਨ। ਇਸ ਤਰ੍ਹਾਂ ਕਰਨ ਨਾਲ ਸਮਾਜ ਦੀ ਮਾਣ ਮਰਯਾਦਾ ਵੀ ਵਧੇਗੀ ਤੇ ਏਡਜ਼ ਦਾ ਖਾਤਮਾ ਵੀ ਹੋ ਸਕੇਗਾ, ਨਹੀਂ ਤਾਂ ਝੂਠੇ ਦਮਗਜੇ ਮਾਰਨ ਦਾ ਕੋਈ ਮਤਲਬ ਨਹੀਂ ਹੋਵੇਗਾ। ਜੇਕਰ ਕੱਸਵੇਂ ਕਾਨੂੰਨਾਂ ਰਾਹੀਂ ਸਰਕਾਰੀ ਅਦਾਰੇ, ਪੁਲਿਸ ਵਿਭਾਗ ਅਤੇ ਕੋਰਟ-ਕਚਹਿਰੀਆਂ ਵਾਲੇ ਸਦਾਚਾਰਕ ਯੋਗਦਾਨ ਪਾਉਣ ਤਾਂ ਇਸ ਬੀਮਾਰੀ ਤੋਂ ਭਲੀ ਭਾਂਤੀ ਛੁਟਕਾਰਾ ਪਾਇਆ ਜਾ ਸਕਦਾ ਹੈ ਤੇ ਇਸ ਨਾਲ ਮਨੁੱਖਤਾ ਦਾ ਭਲਾ ਵੀ ਹੋ ਸਕਦਾ ਹੈ। ਲੋੜ ਹੈ ਖੁਦ ਨੂੰ ਬਦਲਣ ਦੀ, ਜੇਕਰ ਅਸੀਂ ਖੁਦ ਬਦਲਾਂਗੇ ਤਾਂ ਸੰਸਾਰ ਵੀ ਬਦਲ ਜਾਵੇਗਾ।
asingh

-ਅੰਗਰੇਜ਼ ਸਿੰਘ ਹੁੰਦਲ