ਭਰੂਣ ਹੱਤਿਆ ਜਾਗਰੂਕਤਾ ਕੈਂਪ ਲਗਾਇਆ

ਮੋਹਾਲੀ, 21 ਮਾਰਚ (ਜਗਮੋਹਨ ਸਿੰਘ ਸੰਧੂ) – ਕੱਲ੍ਹ ਪਿੰਡ ਕਾਲੇਵਾਲ, ਪਿੰਡ ਚੰਦੋ ਅਤੇ ਪਿੰਡ ਸਿੰਘਪੁਰਾ ਵਿੱਚ ਮੋਹਾਲੀ ਵੈਲਫੇਅਰ ਸੁਸਾਇਟੀ ਵਲੋਂ ਭਰੂਣ ਹੱਤਿਆ ਦੇ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ ਗਿਆ| ਜਿਸ ਵਿੱਚ ਪਿੰਡ ਦੇ ਨੌਜਵਾਨਾਂ ਅਤੇ ਔਰਤਾਂ ਅਤੇ ਬੱਚਿਆਂ ਨੇ ਹਿੱਸਾ ਲਿਆ| ਨੌਜਾਵਾਨਾਂ ਨੇ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਹੋਰਨਾਂ ਪਿੰਡਾਂ ਵਿੱਚ ਵੀ ਕਰਵਾਏ ਜਾਣ| ਮਾਨਵ ਸੇਵਾ ਕਲਾ ਮੰਚ ਮਹਿਰਾਜ ਦੀ ਟੀਮ ਨੇ ਨੁੱਕੜ ”ਨਾਟਕ ਚਿੜੀਆਂ ਦਾ ਚੰਬਾ” ਪੇਸ਼ ਕੀਤਾ| ਸਮੇਂ ਮੁਤਾਬਿਕ ਇਹ ਨਾਟਕ ਲਾਭਕਾਰੀ ਸਿੱਧ ਹੋਇਆ| ਇਸ ਨਾਟਕ ਵਿੱਚ ਪਿੰਡਾਂ ਵਿੱਚ ਘੱਟ ਰਹੀ ਲੜਕੀਆਂ ਦੀ ਗਿਣਤੀ ਬਾਰੇ ਜਾਗਰੂਕ ਕੀਤਾ ਗਿਆ ਤੇ ਸਮਾਜ ਵਿੱਚ ਔਰਤ ਦੇ ਦਰਜੇ ਬਾਰੇ ਅਤੇ ਔਰਤਾਂ ਦੀ ਸਮਾਜ ਦੀ ਤਰੱਕੀ ਤੇ ਯੋਗਦਾਨ ਬਾਰੇ ਵੱਖ-ਵੱਖ ਬੁਲਾਰਿਆਂ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ| ਇਸ ਨੁੱਕੜ ਨਾਟਕ ਅਤੇ ਭਾਸ਼ਣਾਂ ਵਿੱਚ ਸਮਾਜ ਨੂੰ ਇਹ ਸੇਧ ਦਿੱਤੀ ਗਈ ਅਤੇ ਸਰਕਾਰ ਵਲੋਂ ਹਰ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਿਆ ਗਿਆ ਜਿਸਨੂੰ ਪਿੰਡ ਦੇ ਲੋਕਾਂ ਨੇ ਬਹੁਤ ਪਸੰਦ ਕੀਤਾ| ਇਸ ਪ੍ਰੋਗਰਾਮ ਨੂੰ ਦੇਖਣ ਵਿੱਚ ਮਹਿਲਾਵਾਂ ਵਿੱਚ ਕਾਫੀ ਉਤਸ਼ਾਹ ਪਾਇਆ ਗਿਆ ਅਤੇ ਅਜਿਹੇ ਪ੍ਰੋਗਰਾਮ ਔਰਤਾਂ ਦੀ ਤਰੱਕੀ, ਖੁਸ਼ਹਾਲੀ ਲਈ ਬਹੁਤ ਜ਼ਰੂਰੀ ਹਨ| ਇਸ ਮੌਕੇ ਪਿੰਡ ਕਾਲੇਵਾਲ ਦੀ ਸਰਪੰਚ ਕਰਮਜੀਤ ਕੌਰ, ਪਿੰਡ ਚੰਦੋ ਦੇ ਨੰਬਰਦਾਰ ਨਸੀਬ ਸਿੰਘ ਅਤੇ ਕਮਲਜੀਤ ਸਿੰਘ ਨੰਬਰਦਾਰ ਪਿੰਡ ਸਿੰਘਪੁਰਾ ਵੀ ਹਾਜ਼ਰ ਸਨ|