wind_cyc_super_nov2017_ita_320x50

ਸਰੀਰਕ ਦਰਦ ਤੋਂ ਛੁਟਕਾਰਾ ਦਿਵਾਏ ਯੋਗ!

yogaਅੱਜ ਦੇ ਮਸ਼ੀਨੀ ਯੁੱਗ ਵਿਚ ਵਿਅਕਤੀ ਨੂੰ ਦਫ਼ਤਰ ਵਿਚ ਜਿਆਦਾਤਰ ਕੰਪਿਊਟਰ ਦੇ ਅੱਗੇ ਬੈਠ ਕੇ ਕਈ ਕਈ ਘੰਟੇ ਕੰਮ ਕਰਨਾ ਪੈਂਦਾ ਹੈ। ਲਗਾਤਾਰ ਕੰਮ ਕਰਨ ਨਾਲ ਅੱਜਕਲ ਮੋਢਿਆਂ, ਗੋਡਿਆਂ, ਸਰਵਾਈਕਲ ਅਤੇ ਕਮਰ ‘ਚ ਦਰਦ ਰਹਿੰਦਾ ਹੈ ਅਤੇ ਕਈ ਬਿਮਾਰੀਆਂ ਨੇ ਲੋਕਾਂ ਨੂੰ ਘੇਰ ਰੱਖਿਆ ਹੈ। ਅਜਿਹੇ ਰੋਗਾਂ ਦਾ ਰੋਗੀ ਕਿਸੇ ਵੀ ਕੰਮ ਨੂੰ ਅਸਾਨੀ ਨਾਲ ਨਹੀਂ ਕਰ ਸਕਦਾ। ਉਹ ਹਮੇਸ਼ਾ ਥੱਕਿਆ ਥੱਕਿਆ ਮਹਿਸੂਸ ਕਰਦਾ ਹੈ। ਜ਼ਿਆਦਾਤਰ ਲੋਕਾਂ ਨੂੰ ਇਹ ਰੋਗ ਹੁੰਦੇ ਹਨ, ਕਿਉਂਕਿ ਰੋਗੀ ਦੇ ਸਰੀਰਕ ਅੰਗ ਕਿਰਿਆਸ਼ੀਲ ਨਹੀਂ ਹੁੰਦੇ। ਲੋਕ ਆਮ ਤੌਰ ‘ਤੇ ਬੈਠੇ, ਲੇਟੇ, ਸੁੱਤੇ ਜਾਂ ਟੀਵੀ ਦੇਖਦੇ ਰਹਿੰਦੇ ਹਨ, ਜਿਸ ਕਰਕੇ ਸਰੀਰ ਕਿਰਿਆਸ਼ੀਲ ਨਹੀਂ ਰਹਿੰਦਾ। ਸਰੀਰ ਨੂੰ ਕਿਰਿਆਸ਼ੀਲ ਰੱਖਣ ਵਾਸਤੇ ਯੋਗਾਸਨ ਅਤੇ ਵਰਜਿਸ਼ ਬਹੁਤ ਜ਼ਰੂਰੀ ਹੈ। ਯੋਗ ਵਿਚ ਅਜਿਹੇ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੇ ਆਸਨ ਹਨ। ਭੁਜੰਗ ਆਸਨ ਨਾਲ ਸਰਵਾਈਕਲ ਰੋਗ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਵਿਧੀ – ਸ਼ੁੱਧ ਅਤੇ ਸ਼ਾਂਤ ਵਾਤਾਵਰਨ ਵਿਚ ਦਰੀ ‘ਤੇ ਪੇਟ ਦੇ ਬਲ ਲੇਟ ਜਾਉ, ਹੱਥਾਂ ਦੀਆਂ ਹਥੇਲੀਆਂ ਨੂੰ ਧਰਤੀ ‘ਤੇ ਰੱਖਦੇ ਹੋਏ ਬਾਂਹਾਂ ਨੂੰ ਛਾਤੀ ਦੇ ਦੋਵਾਂ ਪਾਸੇ ਰੱਖੋ। ਪੈਰ ਸਿੱਧੇ ਤੇ ਪੰਜੇ ਆਪਸ ਵਿਚ ਮਿਲੇ ਹੋਏ ਹੋਣ, ਪੰਜੇ ਪਿੱਛੇ ਦੀ ਤਰਫ਼ ਧਰਤੀ ‘ਤੇ ਲੱਗੇ ਹੋਏ ਹੋਣ। ਹੁਣ ਸਾਹ ਨੂੰ ਅੰਦਰ ਭਰਦੇ ਹੋਏ ਛਾਤੀ ਅਤੇ ਸਿਰ ਨੂੰ ਹੌਲੀ-ਹੌਲੀ ਉਪਰ ਚੁੱਕੋ। ਧੁੰਨੀ ਦਾ ਪਿਛਲਾ ਭਾਗ ਧਰਤੀ ‘ਤੇ ਲੱਗਿਆ ਰਹੇ। ਸਿਰ ਨੂੰ ਉਪਰ ਉਠਾਉਦੇ ਹੋਏ ਗਰਦਨ ਨੂੰ ਜਿੰਨਾ ਪਿੱਛੇ ਮੋੜ ਸਕੋ ਮੋੜੋ। ਉਸ ਤੋਂ ਬਾਅਦ ਸਾਹ ਨੂੰ ਹੌਲੀ-ਹੌਲੀ ਛੱਡਦੇ ਹੋਏ ਛਾਤੀ ਅਤੇ ਸਿਰ ਨੂੰ ਥੱਲੇ ਲੈ ਕੇ ਆਓ।
– ਇਸ ਆਸਣ ਨੂੰ ਖਾਲੀ ਪੇਟ ਕਰੋ ਜਾਂ ਖਾਣਾ ਖਾਣ ਤੋਂ ਤਿੰਨ-ਚਾਰ ਘੰਟੇ ਬਾਅਦ ਕਰੋ ।
ਸਾਵਧਾਨੀਆਂ- ਤਣਾਅ ਰਹਿਤ ਰਹਿ ਕੇ ਇਹ ਆਸਣ ਕਰੋ। ਪੰਜੇ ਅਤੇ ਅੱਡੀਆਂ ਆਪਸ ਵਿਚ ਮਿਲੀਆਂ ਹੋਣ। ਸ਼ੁਰੂ-ਸ਼ੁਰੂ ਵਿਚ ਇਸ ਆਸਨ ਨੂੰ ਪੰਜ ਵਾਰ ਕਰੋ, ਬਾਅਦ ਵਿਚ ਹੌਲੀ-ਹੌਲੀ ਵਧਾਓ।
ਲਾਭ – ਇਸ ਨਾਲ ਸਰਵਾਈਕਲ ਦਰਦ ਪੂਰੀ ਤਰਾਂ ਦੂਰ ਹੋ ਜਾਂਦਾ ਹੈ। ਇਹ ਆਸਣ ਪਿਠ ਦਰਦ ਵਿਚ ਵੀ ਲਾਭਕਾਰੀ ਹੈ। ਭੁੱਖ ਵਧਦੀ ਹੈ, ਮੋਟਾਪਾ ਦੂਰ ਹੁੰਦਾ ਹੈ। ਕਬਜ਼ ਵਰਗੀ ਬਿਮਾਰੀ ਤੋਂ ਛੁਟਕਾਰਾ ਮਿਲਦਾ ਹੈ।
ਗੌਮੁਖਾਸਨ : ਦਰੀ ‘ਤੇ ਬੈਠ ਕੇ ਖੱਬੇ ਪੈਰ ਨੂੰ ਸੱਜੇ ਹਿਪਸ ਨਾਲ ਲਗਾ ਦਿਓ ਅਤੇ ਸੱਜੇ ਪੈਰ ਨੂੰ ਖੱਬੇ ਗੋਡੇ ਦੇ ਉਪਰੋਂ ਲੈ ਜਾ ਕੇ ਖੱਬੇ ਹਿਪਸ ਨਾਲ ਲਗਾ ਦਿਓ। ਹੁਣ ਸੱਜੇ ਹੱਥ ਨੂੰ ਉਤੇ ਲੈ ਜਾਂਦੇ ਹੋਏ ਕੂਹਨੀ ਤੋਂ ਮੋੜ ਕੇ ਪਿੱਠ ਪਿੱਛੇ ਲੈ ਜਾਉ, ਫਿਰ ਖੱਬੇ ਹੱਥ ਨਾਲ ਸੱਜੇ ਹੱਥ ਨੂੰ ਫੜ ਲਉ। ਸਰੀਰ ਨੂੰ ਚੰਗੀ ਤਰਾਂ ਤਾਣੋ ਅਤੇ ਸਿੱਧਾ ਰੱਖੋ। ਧਿਆਨ ਰਹੇ ਕਿ ਦੋਵਾਂ ਹੱਥਾਂ ਦਿਆਂ ਉਂਗਲੀਆਂ ਆਪਸ ਵਿਚ ਫਸੀਆਂ ਰਹਿਣ। ਇਸ ਆਸਨ ਵਿਚ ਕੁਝ ਮਿੰਟ ਰੁਕੋ, ਫਿਰ ਪੈਰ ਬਦਲ ਕੇ ਕਰੋ।
ਬਧਪਦਮਾਸਨ : ਦਰੀ ‘ਤੇ ਬੈਠ ਕੇ ਸੱਜਾ ਪੈਰ ਖੱਬੇ ਪੱਟ ‘ਤੇ ਅਤੇ ਖੱਬਾ ਪੈਰ ਸੱਜੇ ਪੱਟ ‘ਤੇ ਢਿੱਡ ਨਾਲ ਸਟਾ ਕੇ ਰੱਖੋ। ਉਸ ਤੋਂ ਬਾਅਦ ਖੱਬੇ ਹੱਥ ਨੂੰ ਪਿੱਠ ਪਿੱਛੇ ਲਿਜਾ ਕੇ ਖੱਬੇ ਪੈਰ ਦੇ ਅੰਗੂਠੇ ਨੂੰ ਫੜੋ, ਫਿਰ ਸੱਜੇ ਹੱਥ ਨੂੰ ਪਿੱਠ ਪਿੱਛੇ ਲਿਜਾ ਕੇ ਸੱਜੇ ਪੈਰ ਦੇ ਅੰਗੂਠੇ ਨੂੰ ਫੜੋ। ਪਿੱਠ ਸਿੱਧੀ ਰਹੇ ਨਜ਼ਰ ਸਾਹਮਣੇ ਰਹੇ, ਸਰੀਰ ਨੂੰ ਚੰਗੀ ਤਰਾਂ ਤਾਣੋ। ਇਸ ਆਸਨ ਵਿਚ ਕੁਝ ਸੈਕੰਡ ਰੁਕੋ ਫਿਰ ਪਹਿਲੇ ਵਾਲੀ ਸਥਿਤੀ ਵਿਚ ਆ ਜਾਉ। ਹੁਣ ਪੈਰ ਬਦਲ ਕੇ ਕਰੋ।
ਲਾਭ : ਗੌਮੁਖਾਸਨ ਦੇ ਕਰਨ ਨਾਲ ਛਾਤੀ ਅਤੇ ਫੇਫੜੇ ਸਿਹਤਮੰਦ ਅਤੇ ਨਿਰੋਗ ਰਹਿੰਦੇ ਹਨ ਤੇ ਸ਼ੁੱਧ ਆਕਸੀਜਨ ਮਿਲਦੀ ਹੈ। ਨਤੀਜੇ ਵਜੋਂ ਸਾਹ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਤੋਂ ਮੁਕਤੀ ਮਿਲਦੀ ਹੈ।
ਬਧਪਦਮਾਸਨ ਕਰਨ ਨਾਲ ਰੀੜ ਦੀ ਹੱਡੀ, ਫੇਫੜੇ ਅਤੇ ਪਿੱਠ ਸਿਹਤਮੰਦ ਰਹਿੰਦੀ ਹੈ। ਗੋਡਿਆਂ, ਮੋਢਿਆਂ, ਲੱਤਾਂ ਅਤੇ ਪੈਰਾਂ ਦੇ ਵਿਕਾਰ ਦੂਰ ਹੁੰਦੇ ਹਨ। ਇਨਾਂ ਆਸਨਾਂ ਨੂੰ ਕਰਨ ਨਾਲ ਸਰੀਰਕ ਦਰਦਾਂ ਅਤੇ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।