ਸਵਾਈਨ ਫਲੂ ਦਾ ਕਹਿਰ: ਹੁਣ ਤੱਕ 312 ਮੌਤਾਂ, 9000 ਤੋਂ ਜ਼ਿਆਦਾ ਪੀੜਤ, ਪੰਜਾਬ ‘ਚ ਗਈ 30 ਲੋਕਾਂ ਦੀ ਜਾਨ

Swine flu claims 312 lives across India, over 9000 infected: Govt
 ਦੇਸ਼ ‘ਚ ਸਵਾਈਨ ਫਲੂ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਬਿਮਾਰੀ ਨੇ ਪਿਛਲੇ ਹਫਤੇ 86 ਲੋਕਾਂ ਦੀ ਜਾਨ ਲੈ ਲਈ ਹੈ। ਇਸ ਦੇ ਨਾਲ ਹੀ ਦੇਸ਼ ‘ਚ ਐਚ1ਐਨ1 ਨਾਲ ਮਰਨ ਵਾਲਿਆਂ ਦੀ ਗਿਣਤੀ 312 ਹੋ ਗਈ ਹੈ। ਇਸ ਤੋਂ ਇਲਾਵਾ ਨੌਂ ਹਜ਼ਾਰ ਲੋਕ ਇਸ ਬਿਮਾਰੀ ਤੋਂ ਪੀੜਤ ਹਨ।

ਕੇਂਦਰੀ ਸਿਹਤ ਵਿਭਾਗ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਹੁਣ ਤਕ ਐਚ1ਐਨ1 ਨਾਲ 9000 ਲੋਕ ਪ੍ਰਭਾਵਿਤ ਹਨ। ਇਨ੍ਹਾਂ ਦੀ ਗਿਣਤੀ ਰਾਜਸਥਾਨ ‘ਚ ਸਭ ਤੋਂ ਜ਼ਿਆਦਾ ਹੈ। ਜੀ ਹਾਂ, ਰਾਜਸਥਾਨ ‘ਚ ਸਵਾਈਨ ਫਲੂ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

ਅੰਕੜਿਆਂ ਮੁਤਾਬਕ ਐਤਵਾਰ ਤਕ ਸਮੁੱਚੇ ਭਾਰਤ ‘ਚ 9,367 ਲੋਕਾਂ ਨੂੰ ਸਵਾਈਨ ਫਲੂ ਹੈ। ਰਾਜਸਥਾਨ ‘ਚ ਇਸ ਬਿਮਾਰੀ ਨਾਲ 107 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 2,941 ਮਾਮਲੇ ਸਾਹਮਣੇ ਆਏ ਹਨ। ਉਧਰ ਗੁਜਰਾਤ ‘ਚ ਐਚ1ਐਨ1 ਨਾਲ 55 ਲੋਕਾਂ ਦੀ ਮੌਤ ਹੋਈ ਤੇ 1,431 ਲੋਕ ਇਸ ਨਾਲ ਪ੍ਰਭਾਵਿਤ ਹਨ।

ਗੱਲ ਪੰਜਾਬ ਦੀ ਕਰੀਏ ਤਾਂ ਉਸ ਬਿਮਾਰੀ ਨੇ ਸੂਬੇ ‘ਚ 30 ਲੋਕਾਂ ਦੀ ਜਾਨ ਲੈ ਲਈ ਤੇ ਸੂਬੇ ‘ਚ ਇਸ ਨਾਲ 335 ਲੋਕ ਪੀੜਤ ਹਨ। ਮੱਧ ਪ੍ਰਦੇਸ਼ ’ਚ ਸਵਾਈਨ ਫਲੂ ਦੇ 98 ਮਾਮਲੇ ਸਾਹਮਣੇ ਆਏ ਹਨ ਜਿਸ 22 ਦੀ ਮੌਤ ਹੋ ਚੁੱਕੀ ਹੈ।

ਸਵਾਈਨ ਫਲੂ ਨੇ ਮਹਾਰਾਸ਼ਟਰ ‘ਚ 17 ਲੋਕਾਂ ਦੀ ਜਾਨ ਲਈ ਜਦਕਿ ਇੱਥੇ 204 ਲੋਕ ਇਸ ਦੀ ਚਪੇਟ ‘ਚ ਹਨ। ਦਿੱਲੀ ‘ਚ 1669 ਮਾਮਲੇ ਸਾਹਮਣੇ ਆਏ ਤੇ ਇਸ ‘ਚ 7 ਲੋਕਾਂ ਦੀ ਮੌਤ ਹੋਈ। ਹਰਿਆਣਾ ‘ਚ ਵੀ ਇਸ ਦੇ 640 ਮਾਮਲੇ ਸਾਹਮਣੇ ਆਏ ਜਿਸ ਨਾਲ ਸੱਤ ਲੋਕਾਂ ਦੀ ਮੌਤ ਹੋਈ।

ਸਵਾਈਨ ਫਲੂ ਦੇ ਲੱਛਣ: ਬੁਖਾਰ ਤੇ ਖਾਂਸੀ, ਗਲਾ ਖ਼ਰਾਬ, ਜ਼ੁਕਾਮ ਤੇ ਨੱਕ ਬੰਦ ਹੋਣਾ, ਸਾਹ ਲੈਣ ‘ਚ ਤਕਲੀਫ, ਸ਼ਰੀਰ ਦਰਦ, ਸਿਰ ਦਰਦ, ਉਲਟੀ, ਬਲਗਮ ‘ਚ ਖੂਨ ਆਉਣਾ ਵੀ ਹੋ ਸਕਦੇ ਹਨ।