cyc_ottobre_albania_728x90

ਸਿਹਤਮੰਦ ਜੀਵਨ ਲਈ ਧਿਆਨ ਦਿਓ

ਸਿਹਤਮੰਦ ਰਹਿਣ ਦੀ ਚਾਹਤ ਹਰ ਇਨਸਾਨ ਦੀ ਹੁੰਦੀ ਹੈ। ਸਿਹਤਮੰਦ ਤਨ ਅਤੇ ਮਨ ਪ੍ਰਾਪਤ ਕਰਨ ਲਈ ਸਾਨੂੰ ਕੁਝ ਮਿਹਨਤ ਦੀ ਜਰੂਰਤ ਵੀ ਪੈਂਦੀ ਹੈ। ਸਿਹਤਮੰਦ ਰਹਿਣ ਲਈ ਛੋਟੀਆਂ-ਛੋਟੀਆਂ ਗੱਲਾਂ ‘ਤੇ ਧਿਆਨ ਦੇਣਾ ਬੇਹੱਦ ਜ਼ਰੂਰੀ ਹੈ ਤਾਂ ਹੀ ਬਿਮਾਰੀਆਂ ਤੋਂ ਦੂਰ ਰਿਹਾ ਜਾ ਸਕਦਾ ਹੈ।
– ਸਿਹਤਮੰਦ ਰਹਿਣ ਲਈ ਸਭ ਤੋਂ ਜ਼ਰੂਰੀ ਹੈ ਸੰਤੁਲਿਤ ਭੋਜਨ ਕਰਨਾ। ਜੇ ਦਿਨ ਦੀ ਸ਼ੁਰੂਆਤ ਚੰਗੀ ਖੁਰਾਕ ਨਾਲ ਕੀਤੀ ਜਾਵੇ ਤਾਂ ਸਾਰਾ ਦਿਨ ਚੰਗਾ ਗੁਜ਼ਰਦਾ ਹੈ। ਸਰੀਰ ਨੂੰ ਚੁਸਤ-ਦਰੁਸਤ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ ਕਿ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਕੀਤਾ ਜਾਏ। ਰੋਜ ਦੇ ਭੋਜਨ ਵਿਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਮੱਖਣ, ਵਿਟਾਮਿਨ ਅਤੇ ਖਣਿਜ ਵਾਲੇ ਪਦਾਰਥਾਂ ਦੀ ਵਰਤੋਂ ਦਿਮਾਗ ਅਤੇ ਸਰੀਰ ਨੂੰ ਚੁਸਤ-ਦਰੁਸਤ ਅਤੇ ਮਜ਼ਬੂਤ ਬਣਾਉਂਦੀ ਹੈ। ਭੋਜਨ ਵਿਚ ਹਰੀਆਂ ਸਬਜ਼ੀਆਂ ਅਤੇ ਫਲਾਂ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ।
– ਭੋਜਨ ਵਿਚ ਫੈਟ ਦੀ ਮਾਤਰਾ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਸਿਰਫ਼ ਸੰਤੁਲਿਤ ਭੋਜਨ ਹੀ ਲਓ। ਮੋਟਾਪਾ ਦੂਰ ਰਹੇਗਾ ਤਾਂ ਸਰੀਰ ਫਿੱਟ ਰਹੇਗਾ ਅਤੇ ਬਿਮਾਰੀਆਂ ਵੀ ਤੁਹਾਡੇ ਤੋਂ ਦੂਰ ਰਹਿਣਗੀਆਂ।
– ਅੱਜਕਲਖ਼ ਦੀ ਤੇਜ ਤਰਾਰ ਜਿੰਦਗੀ ਵਿਚ ਸਾਨੂੰ ਸਰੀਰਕ ਕਸਰਤ ਕਰਨ ਦਾ ਮੌਕਾ ਬਹੁਤ ਘੱਟ ਮਿਲਦਾ ਹੈ। ਫਿਰ ਵੀ ਰੁਝੇਵੇਂ ਭਰੀ ਜਿੰਦਗੀ ਵਿਚ ਥੋੜਾ ਬਹੁਤ ਵਕਤ ਕੱਢ ਕੇ ਚਾਹੇ ਹਲਕੀ ਫੁਲਕੀ ਹੀ ਸਹੀ ਸਰੀਰਕ ਕਸਰਤ ਬੇਹੱਦ ਜਰੂਰੀ ਹੈ। ਇਸ ਨਾਲ ਤਨ ਅਤੇ ਮਨ ਦੋਵੇਂ ਹੀ ਤਰੋਤਾਜਾ ਹੁੰਦੇ ਹਨ। ਡਾਂਸਿੰਗ, ਤੈਰਾਕੀ, ਸੈਰ ਅਤੇ ਬਾਗਬਾਨੀ ਆਦਿ ਸਰਗਰਮੀਆਂ ਨੂੰ ਆਪਣੇ ਰੋਜ਼ਾਨਾ ਦੇ ਜੀਵਨ ਦਾ ਹਿੱਸਾ ਬਣਾਓ। ਇਸ ਨਾਲ ਤੁਹਾਨੂੰ ਬਹੁਤ ਲਾਭ ਹੋਵੇਗਾ।
– ਭਾਰ ‘ਤੇ ਕਾਬੂ ਰੱਖੋ। ਮੋਟਾਪੇ ਨਾਲ ਡਾਈਬਟੀਜ਼, ਹਾਈ ਬਲੱਡ ਪ੍ਰੈਸ਼ਰ ਆਦਿ ਦਿਲ ਦੀ ਬਿਮਾਰੀਆਂ ਹੋਣ ਦਾ ਡਰ ਰਹਿੰਦਾ ਹੈ, ਉਥੇ ਘੱਟ ਭਾਰ ਹੋਣ ‘ਤੇ ਅਨੇਕਾਂ ਬਿਮਾਰੀਆਂ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਲਈ ਆਪਣੇ ਭਾਰ ਨੂੰ ਕੰਟਰੋਲ ਵਿਚ ਰੱਖਣ ਦੇ ਉਪਾਅ ਕਰੋ।
– ਸਮੇਂ ਸਿਰ ਭੋਜਨ ਕਰੋ, ਕਸਰਤ ਕਰੋ। ਲਗਾਤਾਰ ਆਪਣੇ ਚੈੱਕਅਪ ਕਰਾਉਂਦੇ ਰਹੋ।
– ਸਿਗਰਟਨੋਸ਼ੀ ਸਿਹਤ ਲਈ ਬੇਹੱਦ ਹਾਨੀਕਾਰਕ ਹੈ। ਸਿਗਰਟਨੋਸ਼ੀ ਨਾਲ ਕੈਂਸਰ ਅਤੇ ਫੇਫੜਿਆਂ ਦੀ ਬਿਮਾਰੀਆਂ ਹੋ ਜਾਂਦੀਆਂ ਹਨ। ਜੇ ਸਿਹਤਮੰਦ ਰਹਿਣਾ ਹੈ ਤਾਂ ਸਿਗਰਟਨੋਸ਼ੀ ਨਹੀਂ ਕਰਨੀ ਚਾਹੀਦੀ।
– ਅਕਸਰ ਜਿਆਦਾਤਰ ਔਰਤਾਂ ਆਪਣੀ ਸਿਹਤ ਪ੍ਰਤੀ ਲਾਪ੍ਰਵਾਹ ਰਹਿੰਦੀਆਂ ਹਨ। ਉਹ ਪੂਰਾ ਦਿਨ ਆਪਣੇ ਪਤੀ ਅਤੇ ਬੱਚਿਆਂ ਵਿਚ ਹੀ ਰੁੱਝੀਆਂ ਰਹਿੰਦੀਆਂ ਹਨ। ਔਰਤਾਂ ਨੂੰ ਆਪਣੀ ਸਿਹਤ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਆਪਣੇ ਲਈ ਸਮਾਂ ਕੱਢਣਾ ਚਾਹੀਦਾ ਹੈ। ਇਸ ਨਾਲ ਤੁਹਾਡੀ ਸਿਹਤ ਵੀ ਠੀਕ ਰਹੇਗੀ ਅਤੇ ਬਿਮਾਰੀਆਂ ਨੂੰ ਸੱਦਾ ਵੀ ਨਹੀਂ ਮਿਲੇਗਾ। ਰੋਜ਼ਾਨਾ ਦੀ ਕਾਰਜਸ਼ੈਲੀ ਨਿਯਮਿਤ ਕਰਨ ਨਾਲ ਸਿਹਤਮੰਦ ਤਨ ਅਤੇ ਮਨ ਪ੍ਰਾਪਤ ਕੀਤੇ ਜਾ ਸਕਦੇ ਹਨ.