ਗੈਰਕਾਨੂੰਨੀ ਵਿਦੇਸ਼ੀ ਮੁਜ਼ਰਿਮ ਹਨ-ਇਕ ਬਿਆਨ

ਕੀ ਗੈਰਕਾਨੂੰਨੀ ਵਿਦੇਸ਼ੀ ਆਪਣੇ ਆਪ ਵਿਚ ਮੁਜ਼ਰਿਮ ਹਨ? ਗੈਰਕਾਨੂੰਨੀ ਵਿਦੇਸ਼ੀ ਹੋਣਾ ਇਨਸਾਨ ਹੋਣ ਤੋਂ ਘੱਟ ਹੈ? ਕੀ ਇਹ ਸੱਚ ਹੈ ਕਿ ਗੈਰਕਾਨੂੰਨੀ ਵਿਦੇਸ਼ੀ ਆਮ ਤੌਰ ’ਤੇ ਵਧੇਰੇ ਜੁਰਮ ਕਰਦੇ ਹਨ? ਇਟਾਲੀਅਨ ਸਿਆਸਤਦਾਨਾਂ ਦੀ ਨਜ਼ਰ ਵਿਚ ਉਪਰੋਕਤ ਸਾਰੇ ਤੱਥ ਸਹੀ ਹਨ। ਜਦੋਂ ਵੀ ਕਦੇ ਇਮੀਗ੍ਰੇਸ਼ਨ ਦੇ ਖਿਲਾਫ ਬੋਲਣਾ ਹੋਵੇ ਜਾਂ ਵੋਟਾਂ ਲੈਣੀਆਂ ਹੋਣ ਤਾਂ ਇਟਾਲੀਅਨ ਸਿਆਸਤਦਾਨ ਇਮੀਗ੍ਰੇਸ਼ਨ ਨੂੰ ਜੁਰਮ ਨਾਲ ਜੋੜਨ ਤੋਂ ਪਿੱਛੇ ਨਹੀਂ ਹਟਦੇ। ਇਸ ਵਿਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ, ਕਿਉਂਕਿ ਇਮੀਗ੍ਰਾਟਾਂ ਨੂੰ ਭੰਡਣਾ ਅਤੇ ਉਨ੍ਹਾਂ ਨੂੰ ਮੁਜਰਿਮ ਕਰਾਰ ਦੇਣਾ ਹੀ ਚੋਣਾਂ ਦਾ ਏਜੰਡਾ ਹੁੰਦਾ ਹੈ। ਬਿਨਾ ਪੇਪਰਾਂ ਦੇ ਵਿਦੇਸ਼ੀਆਂ ਨੂੰ ਇਹ ਪਤਾ ਹੁੰਦਾ ਹੈ ਕਿ ਉਹ ਦੇਸ਼ ਵਿਚ ਗੈਰਕਾਨੂੰਨੀ ਹਨ। ਜਿਸ ਕਾਰਨ ਉਹ ਲੁੱਕ ਛਿਪ ਕੇ ਜਿਉਣ ਲਈ ਮਜਬੂਰ ਹੁੰਦੇ ਹਨ। ਬਿਨਾਂ ਪੇਪਰਾਂ ਦੇ ਵਿਦੇਸ਼ੀਆਂ ਦੀਆਂ ਗਤੀਵਿਧੀਆਂ ਅਜਿਹੀਆਂ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਕੋਈ ਵਧੇਰਾ ਜਾਣ ਨਾ ਸਕੇ ਅਤੇ ਉਨ੍ਹਾਂ ਨੂੰ ਕਿਸੇ ਵੀ ਕਾਰਨ ਕਾਨੂੰਨੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਬਿਨਾਂ ਪੇਪਰਾਂ ਦੇ ਵਿਦੇਸ਼ੀ ਬੱਸਾਂ, ਟਰੇਨਾਂ ਵਿਚ ਸਫਰ ਕਰਨ ਲੱਗਿਆਂ ਟਿਕਟ ਲੈਣ ਦਾ ਵੀ ਖਾਸ ਖਿਆਲ ਰੱਖਦੇ ਹਨ, ਕਿਉਂਕਿ ਜੇ ਬਿਨਾਂ ਟਿਕਟ ਤੋਂ ਫੜੇ ਗਏ ਤਾਂ ਉਨ੍ਹਾਂ ਦੇ ਦਸਤਾਵੇਜ਼ਾਂ ਸਬੰਧੀ ਵੀ ਜਾਂਚ ਹੋ ਸਕਦੀ ਹੈ। ਬਿਨਾਂ ਪੇਪਰਾਂ ਦੇ ਵਿਦੇਸ਼ੀ ਮਾਲਕ ਦੀਆਂ ਵਧੀਕੀਆਂ ਨੂੰ ਵੀ ਜਰਦਾ ਹੈ। ਤਨਖਾਹ ਨਾ ਮਿਲਣ ਦੀ ਸੂਰਤ ਵਿਚ ਵੀ ਕੰਮ ਕਰਨ ਲਈ ਮਜਬੂਰ ਹੁੰਦਾ ਹੈ। ਮਾਲਕ ਦੀ ਘਟੀਆ ਸੋਚ ਦੇ ਬਾਵਜੂਦ ਉਹ ਕੰਮ ’ਤੇ ਟਿਕਿਆ ਰਹਿੰਦਾ ਹੈ। ਵਧੇਰੇ ਮਾਲਕ ਬਿਨਾਂ ਪੇਪਰਾਂ ਵਾਲੇ ਵਿਦੇਸ਼ੀ ਦਾ ਸਰੀਰਕ ਅਤੇ ਮਾਨਸਿਕ ਸੋਸ਼ਣ ਕਰਦੇ ਹਨ। ਕੱਚਾ ਵਿਦੇਸ਼ੀ ਇਸਦੀ ਜਾਣਕਾਰੀ ਪੁਲਿਸ ਨੂੰ ਇਸ ਲਈ ਡਰਦਾ ਨਹੀਂ ਦਿੰਦਾ ਕਿ ਉਸ ਨੂੰ ਡਿਪੋਰਟ ਨਾ ਕਰ ਦਿੱਤਾ ਜਾਵੇ। ਗੈਰਕਾਨੂੰਨੀ ਵਿਦੇਸ਼ੀ ਹੋਣਾ ਆਪਣੇ ਆਪ ਵਿਚ ਸ਼ਰਾਪ ਹੈ। ਗੈਰਕਾਨੂੰਨੀ ਹੋ ਕੇ ਜਿੰਦਗੀ ਜਿਉਣਾ ਵਧੇਰੇ ਔਖਾ ਹੈ। ਕਾਨੂੰਨ ਦੇ ਦਾਇਰੇ ਵਿਚ ਕੰਮ ਕਰਨਾ ਵੀ ਗੈਰਕਾਨੂੰਨੀ ਸਾਬਤ ਹੁੰਦਾ ਹੈ। ਗੈਰਕਾਨੂੰਨੀ ਵਿਦੇਸ਼ੀ ਦੀਆ ਰੋਜਾਨਾ ਜਿੰਦਗੀ ਦੀਆਂ ਕਈ ਲੋੜਾਂ ਹੁੰਦੀਆਂ ਹਨ, ਜੋ ਉਹ ਦੇਸ਼ ਵਿਚ ਰਹਿ ਕੇ ਹੀ ਪੂਰੀਆ ਕਰਦਾ ਹੈ ਪਰ ਉਨ੍ਹਾਂ ਲੋੜਾਂ ਨੂੰ ਪੂਰੀਆਂ ਕਰਨ ਲਈ ਉਸਨੂੰ ਕੋਈ ਕਾਨੂੰਨ ਨਹੀਂ ਰੋਕਦਾ, ਜਿਵੇਂ ਕਿ ਖਾਣ ਪੀਣ ਦੀਆਂ ਵਸਤੂਆਂ ਖ੍ਰੀਦਣੀਆਂ, ਪਹਿਨਣ ਲਈ ਕੱਪੜੇ ਜਾਂ ਹੋਰ ਜਰੂਰਤ ਦਾ ਸਮਾਨ ਖ੍ਰੀਦਣ ਤੋਂ ਉਸਨੂੰ ਨਹੀਂ ਰੋਕਿਆ ਜਾਦਾ, ਕਿਉਂਕਿ ਅਜਿਹਾ ਕਰਨ ਨਾਲ ਦੇਸ਼ ਦੀ ਅਰਥ ਵਿਅਸਥਾ ’ਤੇ ਅਸਰ ਪੈ ਸਕਦਾ ਹੈ। ਅਸਲ ਵਿਚ ਵਿਦੇਸ਼ੀ ਨੂੰ ਗੈਰਕਾਨੂੰਨੀ ਵਜੋਂ ਹੀ ਦੇਖਿਆ ਜਾਂਦਾ ਹੈ। ਜਦੋਂ ਕਿ ਅੱਜ ਦੇ ਸਮੇਂ ਵਿਚ ਪ੍ਰਵਾਸ ਵਿਸ਼ਵ ਤਬਦੀਲੀ ਦਾ ਹਿੱਸਾ ਹੈ। ਇਟਾਲੀਅਨ ਸਿਆਸਤਦਾਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੇ ਇਟਲੀ ਵਿਚ ਆਪਣਾ ਦੇਸ਼ ਛੱਡ ਕੇ ਆਏ ਲੋਕ ਪ੍ਰਵਾਸੀ ਹਨ ਤਾਂ ਇਟਲੀ ਨੂੰ ਛੱਡ ਕੇ ਗਏ ਇਟਾਲੀਅਨ ਨਾਗਰਿਕ ਵੀ ਕੈਨੇਡਾ, ਅਮਰੀਕਾ, ਇੰਗਲੈਂਡ ਵਰਗੇ ਦੇਸ਼ਾਂ ਵਿਚ ਪ੍ਰਵਾਸ ਭੋਗ ਰਹੇ ਹਨ ਅਤੇ ਇਸ ਲਈ ਇਹ ਜਰੂਰੀ ਨਹੀਂ ਕਿ ਪ੍ਰਵਾਸੀ ਹੀ ਮੁਜ਼ਰਿਮ ਹੋਣ।

ਧੰਨਵਾਦ ਸਹਿਤ,

ਮੁੱਖ ਸੰਪਾਦਕ
0039-3206055918

www.punjabexpress.info

www.foreignersinuk.co.uk

www.stranieriinitalia.it
[email protected]
[email protected]