ਵਿਦੇਸ਼ੀਆਂ ਨੂੰ ਬਰਾਬਰਤਾ ਜਾਂ ਮਾਨਵ ਅਧਿਕਾਰਾਂ ਦਾ ਘਾਣ?

ਵਿਦੇਸ਼ੀਆਂ ਦੇ ਵੋਟ ਪਾਉਣ ਦੇ ਅਧਿਕਾਰ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਮਾਣਯੋਗ ਮੰਤਰੀ ਦਾ ਇਹ ਕਹਿਣਾ 100% ਗਲਤ ਹੈ ਕਿ ਵਿਦੇਸ਼ੀਆਂ ਨੂੰ ਸਥਾਈ ਇਟਾਲੀਅਨ ਨਾਗਰਿਕਾਂ ਦੇ ਹੱਕ ਪ੍ਰਦਾਨ ਕਰਵਾਏ ਗਏ ਹਨ। ਜਦੋਂ ਇਟਲੀ ਦੇ ਗ੍ਰਹਿ ਮੰਤਰੀ ਰੋਬੈਰਤੋ ਮਾਰੋਨੀ ਇਹ ਗੱਲ ਕਹਿੰਦੇ ਹਨ ਕਿ, ਵਿਦੇਸ਼ੀ ਬਰਾਬਰ ਦੇ ਹੱਕ ਮਾਣ ਰਹੇ ਹਨ ਤਾਂ ਉਨ੍ਹਾਂ ਦੀ ਇਹ ਗੱਲ ਕਈ ਕੋਣਾਂ ਤੋਂ ਸੱਚ ਨਹੀਂ ਜਾਪਦੀ। ਸ੍ਰੀ ਮਾਰੋਨੀ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਹੋਵੇਗਾ ਕਿ ਵਿਦੇਸ਼ੀਆਂ ਨੂੰ ਇਟਾਲੀਅਨ ਨਾਗਰਿਕਾਂ ਦੇ ਬਰਾਬਰ ਦੇ ਹੱਕ ਨਹੀਂ ਦਿੱਤੇ ਗਏ। ਵਿਦੇਸ਼ੀਆਂ ਦੇ ਅਧਿਕਾਰਾਂ ਵਿਚੋਂ ਸਭ ਮਹੱਤਵਪੂਰਣ ਵੋਟ ਪਾਉਣ ਦਾ ਅਧਿਕਾਰ ਜੇ ਇਟਲੀ ਵਿਚ ਰਹਿ ਰਹੇ ਵਿਦੇਸ਼ੀਆਂ ਕੋਲ ਨਹੀਂ ਹੈ, ਤਾਂ ਇਹ ਕਿਸ ਤਰਾਂ ਸਾਬਿਤ ਕੀਤਾ ਜਾ ਸਕਦਾ ਹੈ ਕਿ ਵਿਦੇਸ਼ੀਆਂ ਨੂੰ ਇਟਾਲੀਅਨ ਨਾਗਰਿਕਾਂ ਦੇ ਬਰਾਬਰ ਦੇ ਹੱਕ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬੀਤੇ ਦਿਨੀਂ ਗ੍ਰਹਿ ਮੰਤਰੀ ਨੇ ਗੱਢਵੇਂ ਰੂਪ ਵਿਚ ਕਿਹਾ ਕਿ ਵਿਦੇਸ਼ੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਕਦੇ ਨਹੀਂ ਦਿੱਤਾ ਜਾਵੇਗਾ। ਜਦੋਂ ਵਿਦੇਸ਼ੀ ਇਟਾਲੀਅਨ ਨਾਗਰਿਕਾਂ ਦੇ ਬਰਾਬਰ ਦਾ ਟੈਕਸ ਭਰਦੇ ਹਨ, ਇਟਾਲੀਅਨ ਨਾਗਰਿਕਾਂ ਤੋਂ ਵਧੇਰੀ ਕਾਰਜਕੁਸ਼ਲਤਾ ਦਿਖਾਉਂਦੇ ਹਨ, ਖ੍ਰੀਦਾਰੀ ਰਾਹੀਂ ਦੇਸ਼ ਦੇ ਵਪਾਰਕ ਉਦਯੋਗ ਵਿਚ ਢੁੱਕਵਾਂ ਹਿੱਸਾ ਪਾਉਂਦੇ ਹਨ, ਇਥੋਂ ਤੱਕ ਕਿ ਕਈ ਥਾਈਂ ਸਹਾਇਤਾ ਸੇਵਾਵਾਂ ਵੀ ਕਰਨ ਤੋਂ ਨਹੀਂ ਚੂਕਦੇ ਫਿਰ ਉਨ੍ਹਾਂ ਨੂੰ ਦੇਸ਼ ਦੀ ਸਰਕਾਰ ਚੁਣਨ ਦਾ ਅਧਿਕਾਰ ਕਿਉਂ ਨਹੀਂ। ਜੇ ਅਸੀਂ ਬਾਕੀ ਅਧਿਕਾਰਾਂ ਨੂੰ ਵੀ ਘੋਖੀਏ ਤਾਂ ਉਹ ਵੀ ਖੋਖਲੇ ਨਜ਼ਰ ਆਉਣਗੇ, ਕਿਉਂਕਿ ਡਾਕਟਰੀ ਸਹੂਲਤਾਂ ਤੋਂ ਲੈ ਕੇ ਬੈਂਕ ਵਿਚ ਖਾਤਾ ਖੁਲਾਉਣ ਤੱਕ ਦੇ ਵਿਦੇਸ਼ੀ ਕੋਲ ਅਧਿਕਾਰ ਉਨੀਂ ਦੇਰ ਤੱਕ ਹਨ, ਜਿਨਾਂ ਚਿਰ ਉਸ ਕੋਲ ਨਿਵਾਸ ਆਗਿਆ ਹੈ। ਜੇ ਕਿਸੇ ਕਾਰਨ ਵਿਦੇਸ਼ੀ ਦਾ ਕੰਮ ਖੁੱਸ ਜਾਵੇ ਅਤੇ 6 ਮਹੀਨੇ ਉਸਨੂੰ ਵਿਹਲਾ ਬੈਠਣਾ ਪੈ ਜਾਵੇ ਤਾਂ ਉਸਦੀ ਨਿਵਾਸ ਆਗਿਆ ਖੋਹ ਕੇ ਉਸਦੇ ਸਾਰੇ ਅਧਿਕਾਰ ਬਰਖਾਸਤ ਕਰ ਦਿੱਤੇ ਜਾਂਦੇ ਹਨ ਅਤੇ ਉਸਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਹੈ। ਇਹ ਕਾਨੂੰਨ ਮਾਨਵ ਅਧਿਕਾਰਾਂ ਦਾ ਘਾਣ ਹੈ। ਸਿਰਫ ਕੰਮ ਨਾ ਹੋਣ ’ਤੇ ਕਿਸੇ ਵਿਅਕਤੀ ਨੂੰ ਦੇਸ਼ ਵਿਚੋਂ ਕੱਢ ਦਿੱਤਾ ਜਾਣਾ ਸੰਭਵ ਹੈ, ਕਿਉਂਕਿ ਵਿਦੇਸ਼ੀ ਦੇਸ਼ ਦੀ ਅਰਥਵਿਅਸਥਾ ਦਾ ਹਿੱਸਾ ਤਾਂ ਹੈ ਪਰ ਦੇਸ਼ ਦੇ ਵੋਟ ਬੈਂਕ ਵਿਚ ਉਸਦਾ ਕੋਈ ਮਹੱਤਵ ਨਹੀਂ। ਇਟਾਲੀਅਨ ਸਿਆਸਤਦਾਨਾਂ ਨੂੰ ਇਸ ਗੱਲ ਦੀ ਭਣਕ ਹੈ ਕਿ ਜੇ ਵਿਦੇਸ਼ੀ ਵੋਟ ਬੈਂਕ ਦਾ ਹਿੱਸਾ ਬਣ ਗਏ ਤਾਂ ਇਨ੍ਹਾਂ ਨੂੰ ਦੇਸ਼ ’ਚੋਂ ਕੱਢਣ ਦੀ ਬਜਾਇ ਡੱਬੀ ਵਿਚ ਬੰਦ ਕਰ ਕੇ ਰੱਖਣਾ ਪਊ, ਕਿਉਂਕਿ ਵਿਦੇਸ਼ੀ ਦੇਸ਼ ਦੀ ਕੁੱਲ ਅਬਾਦੀ ਦਾ ਤਕਰੀਬਨ 10% ਹਨ। ਜਿਸ ਪਾਰਟੀ ਦੀ ਝੋਲੀ ਵਿਚ ਵਿਦੇਸ਼ੀ ਵੋਟ ਬੈਂਕ ਚਲਾ ਗਿਆ ਉਹ ਸਦਾ ਲਈ ਇਟਲੀ ਦੀ ਸਿਆਸਤ ’ਤੇ ਕਾਬਜ਼ ਹੋ ਜਾਵੇਗੀ। ਵਿਦੇਸ਼ੀਆਂ ਨੂੰ ਤਾਂ ਨਿਵਾਸ ਆਗਿਆ ਲੈਣ ਲਈ ਵੀ ਪ੍ਰੀਖਿਆ ਦੀ ਸ਼ਰਤ ਰੱਖ ਦਿੱਤੀ ਗਈ ਹੈ। ਇਟਲੀ ਵਿਚ ਰਹਿੰਦੇ ਵਿਦੇਸ਼ੀ ਜੋੜੇ ਦੇ ਘਰ ਪੈਦਾ ਹੋਇਆ ਬੱਚਾ ਇਟਾਲੀਅਨ ਨਹੀਂ। ਵਿਦੇਸ਼ੀ ਰਾਜਪੱਧਰੀ ਸਰਕਾਰੀ ਸੇਵਾਵਾਂ ਦਾ ਹਿੱਸਾ ਨਹੀਂ ਬਣ ਸਕਦਾ। ਵਿਦੇਸ਼ੀ ਨੂੰ ਸੀਮਿਤ ਰੂਪ ਵਿਚ ਅਧਿਕਾਰ ਪ੍ਰਦਾਨ ਕਰਵਾਏ ਗਏ ਹਨ ਅਤੇ ਇਹ ਅਧਿਕਾਰ ਵੀ ਉਨੀਂ ਦੇਰ ਉਸਦਾ ਸਾਥ ਨਿਭਾਉਂਦੇ ਹਨ ਜਿਨਾਂ ਚਿਰ ਉਸ ਕੋਲ ਕੰਮ ਅਤੇ ਨਿਵਾਸ ਆਗਿਆ ਹੈ। ਇਹ ਨੀਤੀ ਸਪਸ਼ਟ ਰੂਪ ਵਿਚ ਮਾਨਵ ਅਧਿਕਾਰਾਂ ਦੇ ਖਿਲਾਫ ਹੈ।

ਧੰਨਵਾਦ ਸਹਿਤ,

ਮੁੱਖ ਸੰਪਾਦਕ

www.punjabexpress.info & www.stranieriinitalia.it
[email protected] This e-mail address is being protected from spambots. You need JavaScript enabled to view it This e-mail address is being protected from spambots. You need JavaScript enabled to view it ,
[email protected]

0039-3271669709